ਨਤੀਜਿਆਂ ਤੋਂ ਪਹਿਲਾਂ ਹੀ ਪੀ.ਐੱਮ ਮੋਦੀ ਤੇ ਬੀਜੇਪੀ ਨੂੰ ਮਾਲਦੀਵ ਵੱਲੋਂ ਵਧਾਈ

05/20/2019 11:37:40 AM

ਮਾਲੇ/ਨਵੀਂ ਦਿੱਲੀ (ਬਿਊਰੋ)— ਭਾਰਤ ਵਿਚ 19 ਮਈ ਨੂੰ ਲੋਕਸਭਾ ਚੋਣਾਂ ਸੰਪੰਨ ਹੋ ਗਈਆਂ। ਇਨ੍ਹਾਂ ਚੋਣਾਂ ਦੇ ਨਤੀਜੇ 23 ਮਈ ਨੂੰ ਆਉਣਗੇ ਪਰ ਇਸ ਤੋਂ ਪਹਿਲਾਂ ਸਰਵੇ ਏਜੰਸੀਆਂ ਨੇ ਐਗਜ਼ਿਟ ਪੋਲ ਦੇ ਨਤੀਜੇ ਜਾਰੀ ਕੀਤੇ। ਇਨ੍ਹਾਂ ਨਤੀਜਿਆਂ ਨੇ ਪੀ.ਐੱਮ. ਮੋਦੀ ਅਤੇ ਬੀਜੇਪੀ ਦੀ ਜਿੱਤ ਦਾ ਜ਼ਿਕਰ ਕੀਤਾ। ਐਗਜ਼ਿਟ ਪੋਲ ਜ਼ਰੀਏ ਮਿਲੀ ਜਿੱਤ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀਜੇਪੀ ਨੂੰ ਮਾਲਦੀਵ ਨੇ ਵਧਾਈ ਦਿੱਤੀ ਹੈ। ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਪੀ.ਐੱਮ. ਮੋਦੀ ਅਤੇ ਬੀਜੇਪੀ ਨੂੰ ਵਧਾਈ ਦਿੰਦਿਆਂ ਭਾਰਤ ਨਾਲ ਕਰੀਬੀ ਰਿਸ਼ਤਿਆਂ ਦੇ ਜਾਰੀ ਰਹਿਣ ਦੀ ਉਮੀਦ ਜ਼ਾਹਰ ਕੀਤੀ ਹੈ।

 

ਐਗਜ਼ਿਟ ਪੋਲ ਵਿਚ ਫਿਰ ਤੋਂ ਮੋਦੀ ਸਰਕਾਰ ਦੇ ਸੰਕੇਤਾਂ ਦੇ ਬਾਅਦ ਅਤੇ ਨਤੀਜਿਆਂ ਦੇ ਅਧਿਕਾਰਕ ਐਲਾਨ ਤੋਂ ਪਹਿਲਾਂ ਨਸ਼ੀਦ ਨੇ ਟਵੀਟ ਕੀਤਾ,''ਭਾਰਤ ਵਿਚ ਚੋਣਾਂ ਸੰਪੰਨ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਨਰਿੰਦਰ ਮੋਦੀ ਅਤੇ ਬੀਜੇਪੀ ਨੂੰ ਵਧਾਈ। ਮੈਨੂੰ ਵਿਸ਼ਵਾਸ ਹੈ ਕਿ ਮਾਲਦੀਵ ਦੀ ਜਨਤਾ ਅਤੇ ਸਰਕਾਰ ਪ੍ਰਧਾਨ ਮੰਤਰੀ ਮੋਦੀ ਅਤੇ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਨਾਲ ਨੇੜਲਾ ਸਹਿਯੋਗ ਜਾਰੀ ਰੱਖਣ ਵਿਚ ਖੁਸ਼ੀ ਮਹਿਸੂਸ ਕਰੇਗੀ।''

ਇੱਥੇ ਦੱਸ ਦਈਏ ਕਿ ਲੋਕਸਭਾ ਦੀਆਂ ਕੁੱਲ 543 ਸੀਟਾਂ ਵਿਚੋਂ 542 'ਤੇ ਵੋਟਿੰਗ ਸੰਪੰਨ ਹੋ ਚੁੱਕੀ ਹੈ। ਚੋਣ ਕਮਿਸ਼ਨ ਨੇ  ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਵੋਟਿੰਗ ਰੱਦ ਕਰ ਦਿੱਤੀ ਹੈ। ਐਤਵਾਰ ਨੂੰ ਸੱਤਵੇਂ ਅਤੇ ਆਖਰੀ ਪੜਾਅ ਦੀ ਵੋਟਿੰਗ ਖਤਮ ਹੋਣ ਦੇ ਬਾਅਦ ਜਾਰੀ ਕੀਤੇ ਗਏ ਸਾਰੇ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਐੱਨ.ਡੀ.ਏ. ਨੂੰ ਭਾਰੀ ਬਹੁਮਤ ਮਿਲਣ ਦੀ ਭਵਿੱਖਬਾਣੀ ਕੀਤੀ ਗਈ।

Vandana

This news is Content Editor Vandana