ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਮਣੀਪੁਰ ’ਚ ਪਿੰਡਾਂ ’ਤੇ ਹਮਲਾ, 25 ਅੱਤਵਾਦੀ ਗ੍ਰਿਫਤਾਰ

05/30/2023 11:01:12 AM

ਇੰਫਾਲ, (ਯੂ. ਐੱਨ. ਆਈ.)- ਮਣੀਪੁਰ ਦੀ ਰਾਜਧਾਨੀ ਇੰਫਾਲ ’ਚ ਸੋਮਵਾਰ ਨੂੰ ਲੀਮਾਖੋਂਗ ਮਿਲਟਰੀ ਹੈੱਡਕੁਆਰਟਰ ਕੋਲ ਖੁਰਖੁਲ ਅਤੇ ਹੋਰ ਮੈਤੇਈ ਪਿੰਡਾਂ ’ਚ ਹਥਿਆਰਬੰਦ ਅੱਤਵਾਦੀਆਂ ਨੇ ਹਮਲਾ ਕੀਤਾ। ਪੁਲਸ ਸੂਤਰਾਂ ਮੁਤਾਬਕ ਅੱਤਵਾਦੀਆਂ ਦੇ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਕਾਰਨ ਲੋਕ ਆਸ-ਪਾਸ ਦੇ ਸਥਾਨਾਂ ਵੱਲ ਦੌੜ ਗਏ। ਦੇਰ ਸ਼ਾਮ ਨੂੰ ਅਮਿਤ ਸ਼ਾਹ ਨੇ ਵੀ ਮਣੀਪੁਰ ਦਾ ਦੌਰਾ ਕੀਤਾ।

ਫੌਜੀਆਂ ਨੇ ਹਥਿਆਰ ਰੱਖਣ ਅਤੇ ਘਰਾਂ ਨੂੰ ਸਾੜਨ ਦੀ ਕੋਸ਼ਿਸ਼ ਕਰਨ ਦੇ ਦੋਸ਼ ’ਚ 25 ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕੀਤਾ। ਸੂਬੇ ਦੇ ਸਾਰੇ 5 ਜ਼ਿਲਿਆਂ ’ਚ ਪੂਰਾ ਦਿਨ ਕਰਫਿਊ ’ਚ ਢਿੱਲ ਨਹੀਂ ਦਿੱਤੀ ਗਈ ਅਤੇ 3 ਮਈ ਤੋਂ ਝੜਪਾਂ ਸ਼ੁਰੂ ਹੋਣ ਤੋਂ ਬਾਅਦ ਉੱਥੇ ਇੰਟਰਨੈੱਟ ਵੀ ਬੰਦ ਹੈ। ਮੁੱਖ ਮੰਤਰੀ ਐੱਨ. ਬੀਰੇਨ ਨੇ ਕਿਹਾ ਕਿ ਇਹ ਸੰਘਰਸ਼ ਹੁਣ ਹਥਿਆਰਬੰਦ ਕੁਕੀ ਅੱਤਵਾਦੀਆਂ ਅਤੇ ਸਰਕਾਰ ਦਰਮਿਆਨ ਹੈ।

ਇੰਫਾਲ ਦੇ ਪੂਰਬੀ ਜ਼ਿਲੇ ’ਚ ਇੰਸਾਸ ਰਾਈਫਲ ਅਤੇ ਮੈਗਜ਼ੀਨ ਦੇ ਨਾਲ 3 ਲੋਕਾਂ ਨੂੰ 5.56 ਐੱਮ. ਐੱਮ. ਦੀਆਂ 60 ਗੋਲੀਆਂ, ਗੋਲਾ-ਬਾਰੂਦ, ਇਕ ਚੀਨੀ ਹੈਂਡ ਗ੍ਰਨੇਡ ਅਤੇ ਇਕ ਡੈਟੋਨੇਟਰ ਨਾਲ ਗ੍ਰਿਫਤਾਰ ਕੀਤਾ ਗਿਆ। ਇਕ ਹੋਰ ਘਟਨਾ ’ਚ ਫੌਜ ਨੇ ਇੰਫਾਲ ਪੂਰਬ ’ਚ ਘਰਾਂ ਨੂੰ ਸਾੜਨ ਦੀ ਕੋਸ਼ਿਸ਼ ਕਰਨ ਵਾਲੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਫੌਜ ਦੀਆਂ ਟੁਕੜੀਆਂ ’ਤੇ ਗੋਲੀਆਂ ਵੀ ਚਲਾਈਆਂ।

Rakesh

This news is Content Editor Rakesh