ਚੀਨ ਜਾਣਗੇ ਮਹਾਵੀਰ ਫੌਗਾਟ, ਵਿਦੇਸ਼ੀ ਖਿਡਾਰਨਾਂ ਨੂੰ ਸਿਖਾਉਣਗੇ ਕੁਸ਼ਤੀ ਦੇ ਗੁਰ

12/15/2017 2:09:40 PM

ਚਰਖੀ ਦਾਦਰੀ, (ਬਿਊਰੋ)— ਕੌਮਾਂਤਰੀ ਪੱਧਰ 'ਤੇ ਪਛਾਣ ਬਣਾ ਚੁੱਕੀਆਂ ਫੌਗਾਟ ਭੈਣਾਂ ਦੇ ਪਿਤਾ ਮਹਾਵੀਰ ਫੌਗਾਟ ਹੁਣ ਵਿਦੇਸ਼ੀ ਮਹਿਲਾ ਖਿਡਾਰਨਾਂ ਨੂੰ ਵੀ ਕੁਸ਼ਤੀ ਦੇ ਗੁਰ ਸਿਖਾਉਣਗੇ। ਮਹਾਵੀਰ ਫੌਗਾਟ ਅਗਲੇ ਸਾਲ ਮਈ 'ਚ ਚੀਨ 'ਚ ਜਾਣਗੇ ਅਤੇ ਕੁਸ਼ਤੀ ਨੂੰ ਪ੍ਰਮੋਟ ਕਰਨਗੇ। ਉਨ੍ਹਾਂ ਨੂੰ ਇਹ ਸੱਦਾ ਧੀਆਂ ਗੀਤਾ, ਬਬੀਤਾ, ਰਿਰੂ, ਵਿਨੇਸ਼ ਅਤੇ ਸੰਗੀਤਾ ਦੇ ਕੌਮਾਂਤਰੀ ਪੱਧਰ 'ਤੇ ਪਛਾਣ ਕਾਇਮ ਕਰਨ ਦੇ ਬਾਅਦ ਮਿਲਿਆ ਹੈ।

ਚਰਖੀ ਦਾਦਰੀ 'ਚ ਚੀਨ ਦੇ ਈਵੈਂਟ ਮੈਨੇਜਮੈਂਟ ਗਰੁੱਪ ਮੀਡੀਆ ਦੇ ਪ੍ਰਤੀਨਿਧੀ ਮੰਡਲ ਨੇ ਬਲਾਲੀ ਪਿੰਡ ਦਾ ਦੌਰਾ ਕੀਤਾ ਅਤੇ ਮਹਾਵੀਰ ਫੌਗਾਟ ਨੂੰ ਚੀਨ ਆਉਣ ਦਾ ਸੱਦਾ ਵੀ ਦਿੱਤਾ। ਪ੍ਰਤੀਨਿਧੀ ਮੰਡਲ ਨੇ ਦੱਸਿਆ ਕਿ ਮਹਾਵੀਰ ਫੌਗਾਟ ਨੂੰ ਚਾਈਨਾ 'ਚ ਇੰਡੀਆ ਦੇ ਸਭ ਤੋਂ ਲੋਕਪ੍ਰਿਯ ਵਿਅਕਤੀ ਦੇ ਰੂਪ 'ਚ ਜਾਣਿਆ ਜਾਂਦਾ ਹੈ। ਉੱਥੇ ਹੁਣ ਕੁੜੀਆਂ 'ਚ ਕੁਸ਼ਤੀ ਨੂੰ ਲੈ ਕੇ ਦਿਲਚਸਪੀ ਵਧ ਰਹੀ ਹੈ। ਕੌਮਾਂਤਰੀ ਭੈਣਾਂ ਦੇ ਟ੍ਰੇਨਰ ਮਹਾਵੀਰ ਫੌਗਾਟ ਤੋਂ ਚੀਨ 'ਚ ਲੜਕੀਆਂ ਕੁਸ਼ਤੀ ਦੇ ਗੁਰ ਸਿਖਣਾ ਚਾਹੁੰਦੀਆਂ ਹਨ। ਇਸੇ ਲਈ ਉਨ੍ਹਾਂ ਨੂੰ ਚੀਨ ਆਉਣ ਦਾ ਸੱਦਾ ਦਿੱਤਾ ਗਿਆ ਹੈ।

ਮਹਾਵੀਰ ਫੌਗਾਟ ਨੇ ਦੱਸਿਆ ਕਿ ਫਿਲਹਾਲ ਉਹ ਆਪਣੀਆਂ ਧੀਆਂ ਨੂੰ ਕਾਮਨਵੈਲਥ ਖੇਡਾਂ ਦੀਆਂ ਤਿਆਰੀਆਂ ਕਰਵਾ ਰਹੇ ਹਨ। ਤਾਂ ਜੋ ਉਹ ਕਾਮਨਵੈਲਥ 'ਚ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਚਾਈਨਾ ਤੋਂ ਆਏ ਈਵੈਂਟ ਮੈਨੇਜਮੈਂਟ ਗਰੁੱਪ ਮੀਡੀਆ ਦੇ ਮੈਂਬਰਾਂ ਨੇ ਖੁਲ੍ਹਾਸਾ ਕੀਤਾ ਕਿ ਦ੍ਰੋਣਾਚਾਰਿਆ ਅਵਾਰਡੀ ਮਹਾਵੀਰ ਫੌਗਾਟ ਨੂੰ ਚਾਈਨਾ 'ਚ ਲੋਕ ਪਿਆਰ ਨਾਲ ਸ਼ੇ ਜੋ ਪਾ ਪਾ ਕਹਿ ਕੇ ਬੁਲਾਉਂਦੇ ਹਨ। ਚੀਨ 'ਚ ਦੰਗਲ ਫਿਲਮ ਇਕ ਸਪੋਰਟਸ ਅਧਾਰਤ ਫਿਲਮ ਹੋਣ ਦੇ ਕਾਰਨ ਬਹੁਤ ਲੋਕਪ੍ਰਿਯ ਹੈ। ਚੀਨ 'ਚ ਅੱਜ ਦੇ ਦਿਨ ਮਹਾਵੀਰ ਫੌਗਾਟ ਦੀ ਲੋਕਪ੍ਰਿਯਾਤਾ ਬੁਲੰਦੀ ਦੇ ਸਿਖਰ 'ਤੇ ਹੈ। ਦੰਗਲ ਫਿਲਮ ਚੀਨ 'ਚ 2200 ਕਰੋੜ ਰੁਪਏ ਦਾ ਕਾਰੋਬਾਰ ਕਰ ਚੁੱਕੀ ਹੈ। ਚੀਨ ਦੇ ਕਈ ਲੋਕਾਂ ਨੇ ਇਸ ਫਿਲਮ ਨੂੰ ਵਾਰ-ਵਾਰ ਵੇਖਿਆ ਹੈ।