ਮਹਾਰਾਸ਼ਟਰ: ਕੱਲ ਹੋਵੇਗਾ ਉਧਵ ਕੈਬਨਿਟ ਦਾ ਵਿਸਥਾਰ, ਕਾਂਗਰਸ ਦੇ 12 ਮੰਤਰੀ ਸ਼ਾਮਲ

12/29/2019 8:57:55 PM

ਮੁੰਬਈ- ਮਹਾਰਾਸ਼ਟਰ ਦੀ ਉਧਵ ਸਰਕਾਰ ਦਾ ਸੋਮਵਾਰ ਨੂੰ ਕੈਬਨਿਟ ਵਿਸਥਾਰ ਹੋਵੇਗਾ। ਕੈਬਨਿਟ ਵਿਸਥਾਰ ਤੋਂ ਪਹਿਲਾਂ ਕਾਂਗਰਸ ਨੇਤਾ ਤੇ ਉਧਵ ਸਰਕਾਰ ਵਿਚ ਮੰਤਰੀ ਬਾਲਾਸਾਹਿਬ ਥੋਰਾਟ ਨੇ ਕਿਹਾ ਕਿ ਕੱਲ ਹੋਣ ਵਾਲੇ ਸਮਾਗਮ ਦੇ ਲਈ ਸੂਚੀ ਨੂੰ ਆਖਰੀ ਰੂਪ ਦੇ ਦਿੱਤਾ ਗਿਆ ਹੈ। ਇਸ ਵਿਚ ਕਾਂਗਰਸ ਦੇ 12 ਮੰਤਰੀ ਵੀ ਸ਼ਾਮਲ ਹੋਣਗੇ, ਜਿਸ ਵਿਚ 10 ਕੈਬਨਿਟ ਪੱਧਰ ਦੇ ਹਨ। ਸੂਤਰਾਂ ਮੁਤਾਬਕ ਐਨਸੀਪੀ ਨੇਤਾ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਕੈਬਨਿਟ ਵਿਸਥਾਰ ਵਿਚ ਕਰੀਬ 36 ਮੰਤਰੀ ਸਹੁੰ ਲੈ ਸਕਦੇ ਹਨ। ਫਿਲਹਾਲ ਮੁੱਖ ਮੰਤਰੀ ਉਧਵ ਠਾਕਰੇ ਦੀ ਕੈਬਨਿਟ ਵਿਚ ਉਹਨਾਂ ਤੋਂ ਇਲਾਵਾ 6 ਮੰਤਰੀ ਅਹੁਦੇ 'ਤੇ ਹਨ। ਸ਼ਿਵਸੈਨਾ, ਐਨਸੀਪੀ ਤੇ ਕਾਂਗਰਸ ਦੇ ਵਿਚਾਲੇ ਹੋਏ ਸੱਤਾ ਸਾਂਝੇਦਾਰੀ ਦੇ ਤਹਿਤ ਸ਼ਿਵਸੈਨਾ ਦੇ ਕੋਲ ਮੁੱਖ ਮੰਤਰੀ ਤੋਂ ਇਲਾਵਾ ਹੋਰ 16 ਮੰਤਰੀ ਹੋ ਸਕਦੇ ਹਨ, ਇਸ ਤੋਂ ਇਲਾਵਾ ਐਨਸੀਪੀ ਦੇ 14 ਤੇ ਕਾਂਗਰਸ ਦੇ 12 ਮੰਤਰੀ ਹੋਣਗੇ। ਕਾਂਗਰਸ ਨੇ 12 ਮੰਤਰੀ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ।

ਬੀਤੇ ਸੋਮਵਾਰ ਨੂੰ ਐਨਸੀਪੀ ਮੁਖੀ ਸ਼ਰਦ ਪਵਾਰ ਤੇ ਮੁੱਖ ਮੰਤਰੀ ਉਧਵ ਦੇ ਵਿਚਾਲੇ ਕੈਬਨਿਟ ਵਿਸਥਾਰ 'ਤੇ ਕਰੀਬ ਇਕ ਘੰਟੇ ਚਰਚਾ ਹੋਈ ਸੀ। ਬੈਠਕ ਵਿਚ ਕਾਂਗਰਸ ਦਾ ਕੋਈ ਨੇਤਾ ਸ਼ਾਮਲ ਨਹੀਂ ਹੋਇਆ ਸੀ। ਐਨਸੀਪੀ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਸੀ ਕਿ ਇਸੇ ਹਫਤੇ ਹੋਣ ਵਾਲੇ ਕੈਬਨਿਟ ਵਿਸਥਾਰ ਵਿਚ ਅਜੀਤ ਡਿਪਟੀ ਸੀ.ਐਮ. ਦੇ ਤੌਰ 'ਤੇ ਸਹੁੰ ਲੈ ਸਕਦੇ ਹਨ। ਹਾਲਾਂਕਿ ਇਸ 'ਤੇ ਐਨਸੀਪੀ ਪਹਿਲਾਂ ਕਾਂਗਰਸ ਨਾਲ ਚਰਚਾ ਕਰੇਗੀ। ਇਸ ਵਿਚਾਲੇ ਸ਼ਰਦ ਪਵਾਰ ਨੇ ਕਿਹਾ ਸੀ ਕਿ ਅਸੀਂ ਵੀ ਸਾਥੀਆਂ ਨੂੰ ਕੈਬਨਿਟ ਵਿਚ ਸ਼ਾਮਲ ਕਰਨ ਲਈ ਬੁਲਾਵੇ ਦਾ ਇੰਤਜ਼ਾਰ ਕਰ ਰਹੇ ਹਨ।

Baljit Singh

This news is Content Editor Baljit Singh