ਪਿਤਾ ਨੇ ਤਿੰਨ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖੁਦਕੁਸ਼ੀ

06/28/2020 2:59:56 PM

ਪਾਲਘਰ- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਨਾਲਾ ਸੋਪਾਰਾ ਉਪਨਗਰ 'ਚ ਇਕ ਵਿਅਕਤੀ ਨੇ ਆਪਣੇ ਤਿੰਨ ਬੱਚਿਆਂ ਦੀ ਕਥਿਤ ਤੌਰ 'ਤੇ ਹੱਤਿਆ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕਾਂ ਦੀ ਪਛਾਣ ਕੈਲਾਸ ਪਰਮਾਰ ਅਤੇ ਉਸ ਦੇ ਬੇਟੇ ਨਯਨ (12), ਬੇਟੀ ਨੰਦਿਨੀ (8) ਅਤੇ ਨਯਨਾ (3) ਦੇ ਰੂਪ 'ਚ ਕੀਤੀ ਗਈ ਹੈ। ਇਹ ਭਿਆਨਕ ਘਟਨਾ ਕੱਲ ਰਾਤ ਹੋਈ, ਜਦੋਂ ਕੈਲਾਸ ਨੇ ਆਪਣੇ ਸੁੱਤੇ ਹੋਏ ਤਿੰਨ ਬੱਚਿਆਂ ਦਾ ਗਲਾ ਵੱਢ ਦਿੱਤਾ। ਇਸ ਘਟਨਾ ਨੇ ਗੁਆਂਢੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੈਲਾਸ ਨੇ ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਉਸੇ ਤਰ੍ਹਾਂ ਆਪਣੀ ਵੀ ਜੀਵਨ ਲੀਲਾ ਖਤਮ ਕਰ ਲਈ। ਇਸ ਤੋਂ ਪਹਿਲਾਂ ਵੀ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਚ ਉਹ ਅਸਫ਼ਲ ਰਿਹਾ।

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਜ਼ਿਲ੍ਹਾ ਪੁਲਸ ਸੁਪਰਡੈਂਟ ਦੱਤਾਤ੍ਰੇਯ ਸ਼ਿੰਦੇ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕੋਲ ਹੀ ਰਹਿਣ ਵਾਲੇ ਕੈਲਾਸ ਦੇ ਪਿਤਾ ਇਸ ਘਟਨਾ ਤੋਂ ਪਹਿਲਾਂ ਉਸ ਕੋਲ ਗਏ ਸਨ ਅਤੇ ਉਸ ਨੂੰ ਚਾਹ ਪੀਣ ਲਈ ਆਉਣ ਲਈ ਕਿਹਾ ਸੀ ਪਰ ਕੈਲਾਸ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਬਾਅਦ ਆਏਗਾ। ਲਗਭਗ 2 ਘੰਟਿਆਂ ਬਾਅਦ ਪਿਤਾ ਫਿਰ ਤੋਂ ਉਸ ਨੂੰ ਬੁਲਾਉਣ ਗਏ ਪਰ ਉਸ ਦੇ ਘਰ ਦਾ ਦਰਵਾਜ਼ਾ ਬੰਦ ਸੀ। ਕੁਝ ਗਲਤ ਹੋਣ ਦਾ ਸ਼ੱਕ ਹੁੰਦੇ ਹੀ ਉਨ੍ਹਾਂ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਉੱਥੇ ਸਾਰਿਆਂ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਤੁਲਿੰਜ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਚੱਲ ਰਹੀ ਹੈ।

DIsha

This news is Content Editor DIsha