ਮਹਾਰਾਸ਼ਟਰ: ਢਹਿ-ਢੇਰੀ ਹੋਈ ਬਹੁਮੰਜ਼ਿਲਾ ਇਮਾਰਤ, ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ

08/25/2020 1:57:46 PM

ਮੁੰਬਈ— ਮਹਾਰਾਸ਼ਟਰ 'ਚ ਇਕ ਵੱਡਾ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਾਏਗੜ੍ਹ ਜ਼ਿਲ੍ਹੇ ਦੇ ਕਾਜਲਪੁਰਾ ਇਲਾਕੇ 'ਚ ਕੱਲ ਯਾਨੀ ਕਿ ਸੋਮਵਾਰ ਸ਼ਾਮ ਨੂੰ ਇਕ ਬਹੁਮੰਜ਼ਿਲਾ ਇਮਾਰਤ ਢਹਿ ਗਈ। ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦੀ ਖਦਸ਼ਾ ਹੈ। ਖੋਜ ਅਤੇ ਬਚਾਅ ਕੰਮ ਜਾਰੀ ਹੈ। ਰਾਏਗੜ੍ਹ ਜ਼ਿਲ੍ਹਾ ਕਲੈਕਟਰ ਨਿਧੀ ਚੌਧਰੀ ਮੁਤਾਬਕ ਹੁਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 18 ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਮਿਲੀ ਜਾਣਕਾਰੀ ਮੁਤਾਬਕ ਹਾਦਸੇ 'ਚ ਹੁਣ ਤੱਕ 60 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਪੁਲਸ ਮੁਤਾਬਕ ਮੰਗਲਵਾਰ ਨੂੰ ਸੱਤ ਲਾਸ਼ਾਂ ਬਰਾਮਦ ਹੋਈਆਂ।


ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (ਐੱਨ. ਡੀ. ਆਰ. ਐੱਫ.) ਵਲੋਂ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ। ਪੁਲਸ ਨੇ 5 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਐੱਨ. ਡੀ. ਆਰ. ਐੱਫ. ਦੇ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਕਰੀਬ 6.30 ਵਜੇ ਕਰੀਬ ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਦੀ ਤਹਿਸੀਲ ਕਾਜਲਪੁਰਾ ਇਲਾਕੇ 'ਚ 5 ਮੰਜ਼ਿਲਾ ਇਮਾਰਤ ਡਿੱਗ ਗਈ। ਐੱਨ. ਡੀ. ਆਰ. ਐੱਫ. ਦੀਆਂ ਤਿੰਨ ਟੀਮਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ। 


ਅਧਿਕਾਰੀ ਮੁਤਾਬਕ ਟੀਮਾਂ ਸਾਰੀਆਂ ਜ਼ਰੂਰੀ ਉਪਕਰਣਾਂ ਨਾਲ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇਮਾਰਤ 10 ਸਾਲ ਪੁਰਾਣ ਸੀ। ਇਸ 'ਚ ਵੱਡੀ ਗਿਣਤੀ ਵਿਚ ਫਲੈਟ ਸਨ। ਹੁਣ ਸਥਾਨਕ ਅਥਾਰਿਟੀ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਰ ਫਲੈਟ ਵਿਚ ਕਿੰਨੇ ਲੋਕ ਮੌਜੂਦ ਸਨ। ਇਮਾਰਤ ਦੇ ਨਿਰਮਾਣ ਲਈ ਲੱਗੇ ਮਟੀਰੀਅਲ ਦੀ ਵੀ ਜਾਂਚ ਕੀਤੀ ਜਾਵੇਗੀ ਅਤੇ ਦੇਖਿਆ ਜਾਵੇਗਾ ਕਿ ਇਮਾਰਤ ਡਿੱਗਣ ਦਾ ਕਾਰਨ ਕੀ ਸੀ।

Tanu

This news is Content Editor Tanu