ਮਹਾਰਾਸ਼ਟਰ ''ਚ ਹਜ਼ਾਰਾਂ ਗੰਨਾ ਮਜ਼ਦੂਰ ਔਰਤਾਂ ਨੇ ਕੱਢਵਾਈ ''ਬੱਚੇਦਾਨੀ'', ਚਿੱਠੀ ਤੋਂ ਹੋਇਆ ਖੁਲਾਸਾ

12/26/2019 3:55:55 PM

ਮੁੰਬਈ— ਮਹਾਰਾਸ਼ਟਰ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਪੜ੍ਹ ਕੇ ਤੁਸੀਂ ਵੀ ਹੈਰਾਨੀ ਜ਼ਾਹਰ ਕਰੋਗੇ। ਇੱਥੇ ਲੱਗਭਗ 30 ਹਜ਼ਾਰ ਗੰਨਾ ਮਜ਼ਦੂਰ ਔਰਤਾਂ ਵਲੋਂ ਕੰਮ ਦੀ ਵਜ੍ਹਾਂ ਕਰ ਕੇ ਬੱਚੇਦਾਨੀ ਕੱਢਵਾਈ ਗਈ ਹੈ। ਇਸ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਡਾ. ਨਿਤਿਨ ਰਾਊਤ ਨੇ ਮੁੱਖ ਮੰਤਰੀ ਊਧਵ ਠਾਕਰੇ ਨੂੰ ਚਿੱਠੀ ਲਿਖ ਕੇ ਇਸ ਦਾ ਜ਼ਿਕਰ ਕੀਤਾ। ਰਾਊਤ ਨੇ ਸੀ. ਐੱਮ. ਊਧਵ ਨੂੰ ਲਿਖੀ ਚਿੱਠੀ ਵਿਚ ਬੇਨਤੀ ਕੀਤੀ ਹੈ ਕਿ ਉਹ ਮਜ਼ਦੂਰ ਔਰਤਾਂ ਵਲੋਂ ਆਪਣੀ ਬੱਚੇਦਾਨੀ ਕੱਢਵਾਉਣ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ ਇਸ ਮਾਮਲੇ ਵਿਚ ਦਖਲ ਦੇਣ। ਚਿੱਠੀ ਵਿਚ ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ਦੇ ਮਰਾਠਵਾੜਾ 'ਚ ਵੱਡੀ ਗਿਣਤੀ 'ਚ ਗੰਨਾ ਮਜ਼ਦੂਰ ਔਰਤਾਂ ਹਨ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਬੱਚੇਦਾਨੀ ਕੱਢਵਾਉਣ ਵਾਲੀਆਂ ਔਰਤਾਂ ਸ਼ਾਮਲ ਹਨ।



ਚਿੱਠੀ 'ਚ ਦੱਸੀ ਇਹ ਵਜ੍ਹਾ—
ਮੁੱਖ ਮੰਤਰੀ ਊਧਵ ਠਾਕਰੇ ਨੂੰ ਲਿਖੀ ਚਿੱਠੀ ਵਿਚ ਰਾਊਤ ਨੇ ਕਿਹਾ ਕਿ ਮਾਹਵਾਰੀ ਦੇ ਦਿਨਾਂ 'ਚ ਵੱਡੀ ਗਿਣਤੀ 'ਚ ਮਹਿਲਾ ਮਜ਼ਦੂਰ ਕੰਮ ਨਹੀਂ ਕਰ ਸਕਦੀਆਂ। ਅਜਿਹੇ ਵਿਚ ਉਹ ਕੰਮ ਤੋਂ ਗੈਰ-ਹਾਜ਼ਰ ਰਹਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਮਜ਼ਦੂਰੀ ਨਹੀਂ ਮਿਲਦੀ। ਮਾਹਵਾਰੀ ਦੇ ਦਿਨਾਂ ਵਿਚ ਪੈਸਾ ਨਾ ਮਿਲਣ ਦੀ ਵਜ੍ਹਾ ਤੋਂ ਮਜ਼ਦੂਰ ਔਰਤਾਂ ਬੱਚੇਦਾਨੀ ਕੱਢਵਾ ਰਹੀਆਂ ਹਨ, ਜਿਸ ਨਾਲ ਮਾਹਵਾਰੀ ਨਾ ਹੋਵੇ ਅਤੇ ਉਨ੍ਹਾਂ ਨੂੰ ਕੰਮ ਤੋਂ ਛੁੱਟੀ ਨਾ ਲੈਣੀ ਪਵੇ। ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਸਕਣ। ਰਾਊਤ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਰਾਊਤ ਨੇ ਮੁੱਖ ਮੰਤਰੀ ਤੋਂ ਔਰਤ ਮਜ਼ਦੂਰਾਂ ਨੂੰ ਮਾਹਵਾਰੀ ਵਿਚ ਮਿਹਨਤ ਦਾ ਭੁਗਤਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਊਧਵ ਨੂੰ ਇਹ ਵੀ ਬੇਨਤੀ ਕੀਤੀ ਕਿ ਜੇਕਰ ਗੰਨਾ ਪਿੜਾਈ ਫੈਕਟਰੀਆਂ ਹਰ ਮਹੀਨੇ ਮਜ਼ਦੂਰ ਔਰਤਾਂ ਨੂੰ 3 ਦਿਨ ਦੀ ਮਜ਼ਦੂਰੀ ਦੇਣ ਨੂੰ ਰਾਜ਼ੀ ਹੋ ਜਾਣ ਤਾਂ ਇਸ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ ਹੈ।

Tanu

This news is Content Editor Tanu