ਦੇਸ਼ ਭਰ ''ਚ ਮਹਾਸ਼ਿਵਰਾਤਰੀ ਦੀ ਧੂਮ, ਮੰਦਰਾਂ ''ਚ ਲੱਗੀ ਭਗਤਾਂ ਦੀ ਭੀੜ

03/04/2019 9:57:20 AM

ਨਵੀਂ ਦਿੱਲੀ— ਦੇਸ਼ ਭਰ 'ਚ ਅੱਜ ਯਾਨੀ ਸੋਮਵਾਰ ਨੂੰ ਮਹਾਸ਼ਿਵਰਾਤਰੀ ਬਹੁਤ ਧੂਮਧਾਮ ਨਾਲ ਮਨਾਈ ਜਾ ਰਹੀ ਹੈ। ਸਵੇਰ ਤੋਂ ਹੀ ਮੰਦਰਾਂ 'ਚ ਭਗਤਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਮਹਾਸ਼ਿਵਰਾਤਰੀ ਦੇ ਇਸ ਪਾਵਨ ਮੌਕੇ 'ਤੇ ਸ਼ਿਵ ਭਗਤ ਭਗਵਾਨ ਸ਼ੰਕਰ ਦੀ ਪੂਜਾ ਕਰ ਰਹੇ ਹਨ ਅਤੇ ਸ਼ਿਵਲਿੰਗ ਦਾ ਸ਼ਿੰਗਾਰ ਕਰ ਕੇ ਜਲ ਅਭਿਸ਼ੇਕ ਕਰ ਰਹੇ ਹਨ। ਹਰ-ਹਰ ਮਹਾਦੇਵ ਦੇ ਨਾਅਰੇ ਲੱਗਾ ਰਹੇ ਲੋਕ ਮੰਦਰਾਂ 'ਚ ਲਾਈਨਾਂ 'ਚ ਲੱਗੇ ਭਗਵਾਨ ਭੋਲੇ ਦਾ ਅਭਿਸ਼ੇਕ ਕਰਨ ਲਈ ਇੰਤਜ਼ਾਰ ਕਰ ਰਹੇ ਹਨ। ਕਾਸ਼ੀ ਹੋਵੇ ਜਾਂ ਹਰਿਦੁਆਰ ਜਾਂ ਫਿਰ ਉਜੈਨ ਦੇ ਮਹਾਕਾਲ, ਹਰ ਪਾਸੇ ਸਵੇਰ ਤੋਂ ਹੀ ਲੋਕ ਜਲ ਅਭਿਸ਼ੇਕ ਲਈ ਲਾਈਨਾਂ 'ਚ ਲੱਗੇ ਹਨ।

ਬਾਜ਼ਾਰਾਂ 'ਚ ਭੀੜ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਚੱਲ ਰਹੇ ਕੁੰਭ ਮੇਲੇ ਦਾ ਆਖਰੀ ਵੱਡਾ ਇਸ਼ਨਾਨ ਵੀ ਹੈ। ਪ੍ਰਯਾਗਰਾਜ ਸਥਿਤ ਸੰਗਮ ਘਾਟ 'ਚ ਸ਼ਾਹੀ ਇਸ਼ਨਾਨ ਮੌਕੇ ਸਵੇਰ ਤੋਂ ਹੀ ਲੋਕਾਂ ਦੀ ਭੀੜ ਲੱਗੀ ਹੋਈ ਹੈ। ਹੁਣ ਤੱਕ ਉੱਥੇ 25 ਲੱਖ ਸ਼ਰਧਾਲੂਆਂ ਨੇ ਆਸਥਾ ਦੀ ਡੁੱਬਕੀ ਲਗਾਈ ਹੈ। ਪੁਣੇ ਦੇ ਭੀਮਾਸ਼ੰਕਰ ਮੰਦਰ 'ਚ ਵੀ ਭਗਤ ਜਲ ਅਭਿਸ਼ੇਕ ਲਈ ਸਵੇਰ ਤੋਂ ਲਾਈਨਾਂ 'ਚ ਖੜ੍ਹੇ ਹਨ। ਉੱਥੇ ਹੀ ਰਾਏਪੁਰ ਅਤੇ ਨਾਸਿਕ ਦੇ ਪ੍ਰਸਿੱਧ ਮੰਦਰ 'ਚ ਭੀੜ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਇਸ ਵਾਰ ਸੰਯੋਗ ਵੀ ਕਾਫੀ ਚੰਗਾ ਬਣ ਰਿਹਾ ਹੈ, ਇਸ ਲਈ ਇਸ ਦਿਨ ਪੂਰੀ ਭਗਤੀ ਭਾਵਨਾ ਨਾਲ ਜੋ ਕੋਈ ਵੀ ਵਰਤ ਰੱਖੇਗਾ, ਉਹ ਕਈ ਗੁਣਾ ਵਧ ਪੁੰਨ ਪ੍ਰਾਪਤ ਕਰੇਗਾ।

DIsha

This news is Content Editor DIsha