ਮੱਧ ਪ੍ਰਦੇਸ਼ ''ਚ ''ਪਿਕਚਰ'' ਅਜੇ ਬਾਕੀ, ਇਨ੍ਹਾਂ ਦੇ ਹੱਥ ਹੈ ਸੱਤਾ ਦੀ ਚਾਬੀ!

12/12/2018 9:42:28 AM

ਨਵੀਂ ਦਿੱਲੀ— ਰਾਜਸਥਾਨ ਤੇ ਛੱਤੀਸਗੜ੍ਹ 'ਚ ਕਾਂਗਰਸ ਦਾ ਪੰਜਾ ਲਹਿਰਾਇਆ ਹੈ। ਹਾਲਾਂਕਿ ਮੱਧ ਪ੍ਰਦੇਸ਼ (ਐੱਮ. ਪੀ.) 'ਚ ਅਜੇ ਤਕ ਕਾਂਗਰਸ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ ਪਰ ਭਾਜਪਾ ਨੂੰ ਸੱਤਾ 'ਚੋਂ ਬਾਹਰ ਕਰਕੇ ਉਹ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਤੇ ਸਰਕਾਰ ਬਣਾਉਣ ਤੋਂ ਸਿਰਫ 2 ਕਦਮ ਹੀ ਦੂਰ ਹੈ। 

230 ਸੀਟਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ ਕਾਂਗਰਸ 114 ਸੀਟਾਂ ਜਿੱਤ ਗਈ ਹੈ। ਉੱਥੇ ਹੀ ਭਾਜਪਾ 109 ਸੀਟਾਂ ਜਿੱਤ ਕੇ ਦੂਜੇ ਨੰਬਰ 'ਤੇ ਹੈ। 2 ਸੀਟਾਂ ਬਸਪਾ ਨੂੰ ਮਿਲੀਆਂ ਹਨ ਅਤੇ ਇਕ ਸੀਟ ਸਮਾਜਵਾਦੀ ਪਾਰਟੀ ਦੀ ਝੋਲੀ ਪਈ ਹੈ। 4 ਸੀਟਾਂ 'ਤੇ ਅਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ।



ਮੱਧ ਪ੍ਰਦੇਸ਼ 'ਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ 116 ਸੀਟਾਂ ਦੀ ਲੋੜ ਹੋਵੇਗੀ। ਇਸ ਦਾ ਮਤਲਬ ਹੈ ਕਿ ਕਾਂਗਰਸ ਨੂੰ ਸਰਕਾਰ ਬਣਾਉਣ ਲਈ ਸਮਰੱਥਨ ਦੀ ਲੋੜ ਪਵੇਗੀ। ਅਜਿਹੇ 'ਚ ਬਸਪਾ, ਸਮਾਜਵਾਦੀ ਪਾਰਟੀ ਤੇ ਕੁਝ ਅਜ਼ਾਦ ਵਿਧਾਇਕਾਂ ਦੀ ਭੂਮਿਕਾ ਮਹੱਤਵਪੂਰਨ ਹੋ ਗਈ ਹੈ, ਯਾਨੀ ਸੱਤਾ 'ਤੇ ਕਿਸ ਨੂੰ ਬਿਠਾਉਣਾ ਹੈ ਉਸ ਦੀ ਚਾਬੀ ਇਨ੍ਹਾਂ ਦੇ ਹੱਥ ਹੈ। ਸੂਤਰਾਂ ਮੁਤਾਬਕ, ਕਾਂਗਰਸ ਨੂੰ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਤੋਂ ਵੀ ਸਮਰਥਨ ਮਿਲ ਸਕਦਾ ਹੈ। ਇਸ ਵਿਚਕਾਰ ਕਾਂਗਰਸ ਨੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ ਵੀ ਪੇਸ਼ ਕਰ ਦਿੱਤਾ ਹੈ। ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਮਲਨਾਥ ਨੇ ਰਾਜਪਾਲ ਨੂੰ ਖਤ ਲਿਖ ਕੇ ਮੰਗਲਵਾਰ ਰਾਤ ਨੂੰ ਹੀ ਮੁਲਾਕਾਤ ਦਾ ਸਮਾਂ ਮੰਗ ਲਿਆ ਸੀ। ਕਮਲਨਾਥ ਨੇ ਇਸ ਖਤ 'ਚ ਜਾਣਕਾਰੀ ਦਿੱਤੀ ਹੈ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਤੇ ਸਾਰੇ ਅਜ਼ਾਦ ਵਿਧਾਇਕਾਂ ਨੇ ਕਾਂਗਰਸ ਨੂੰ ਸਮਰਥਨ ਦਾ ਭਰੋਸਾ ਦਿੱਤਾ ਹੈ।