ਮੱਧ ਪ੍ਰਦੇਸ਼ ਦੇ ਸਰਕਾਰੀ ਹਸਪਤਾਲ ''ਚ 12 ਘੰਟਿਆਂ ''ਚ 6 ਬੱਚਿਆਂ ਦੀ ਮੌਤ

01/15/2020 10:51:05 AM

ਸ਼ਹਿਡੋਲ— ਮੱਧ ਪ੍ਰਦੇਸ਼ ਦੇ ਸ਼ਹਿਡੋਲ ਸਥਿਤ ਸਰਕਾਰੀ ਕੁਸ਼ਾਭਾਊ ਠਾਕਰੇ ਜ਼ਿਲਾ ਹਸਪਤਾਲ 'ਚ ਪਿਛਲੇ 12 ਘੰਟਿਆਂ ਦੌਰਾਨ 6 ਆਦਿਵਾਸੀ ਨਵਜਾਤ ਬੱਚਿਆਂ ਦੀ ਮੌਤ ਨਾਲ ਹੜਕੰਪ ਮਚ ਗਿਆ ਹੈ। ਪ੍ਰਦੇਸ਼ ਦੇ ਸਿਹਤ ਮੰਤਰੀ ਤੁਲਸੀ ਸਿਲਾਵਟ ਨੇ ਇਸ ਮਾਮਲੇ 'ਚ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਿਲੇ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਰਾਜੇਸ਼ ਪਾਂਡੇ ਨੇ ਦੱਸਿਆ ਕਿ ਖਰੇਲਾ ਪਿੰਡ ਦੀ ਵਾਸੀ ਚੇਤ ਕੁਮਾਰੀ ਪਾਵ ਅਤੇ ਭਟਗੰਵਾ ਪਿੰਡ ਦੀ ਵਾਸੀ ਫੂਲਮਤੀ ਦੇ ਨਵਜਾਤ ਬੱਚਿਆਂ ਅਤੇ ਸ਼ਾਮ ਨਾਰਾਇਣ ਕੋਲ, ਸੂਰਜ ਬੈਗਾ, ਅੰਜਲੀ ਬੈਗਾ ਅਤੇ ਸੁਭਾਸ਼  ਬੈਗਾ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

ਮਾਮਲੇ ਦੀ ਪੂਰੀ ਜਾਂਚ ਦੇ ਦਿੱਤੇ ਗਏ ਹਨ ਆਦੇਸ਼
ਸਾਰੇ 6 ਬੱਚਿਆਂ ਦੀ 13 ਅਤੇ 14 ਜਨਵਰੀ ਦੀ ਦਰਮਿਆਨੀ ਰਾਤ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਸ਼ਿਸ਼ੂਆਂ ਦੀ ਉਮਰ ਇਕ ਦਿਨ ਤੋਂ ਢਾਈ ਮਹੀਨੇ ਦਰਮਿਆਨ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਬੱਚਿਆਂ ਦੀ ਮੌਤ ਲਈ ਵੱਖ-ਵੱਖ ਕਾਰਨ ਸਾਹਮਣੇ ਆਏ ਹਨ। ਮਾਮਲੇ ਦੀ ਪੂਰੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਇਸ ਵਿਚ ਪ੍ਰਦੇਸ਼ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਕਮਲੇਸ਼ਵਰ ਪਟੇਲ ਬੱਚਿਆਂ ਦੀ ਮੌਤ ਦੀ ਜਾਣਕਾਰੀ ਲੱਗਣ 'ਤੇ ਹਸਪਤਾਲ ਪੁੱਜੇ ਅਤੇ ਹਸਪਤਾਲ ਦੇ ਨਿਰੀਖਣ ਦੇ ਨਾਲ ਹੀ ਬੱਚਿਆਂ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਲਈ ਇਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਜਾ ਰਹੀ ਹੈ। ਪਟੇਲ ਨੇ ਕਿਹਾ ਕਿ ਇਸ 'ਚ ਜਿਸ ਦੀ ਲਾਪਰਵਾਹੀ ਸਾਹਮਣੇ ਆਏਗੀ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।

ਰਾਜਸਥਾਨ ਤੇ ਗੁਜਰਾਤ 'ਚ ਬੱਚਿਆਂ ਦੀ ਮੌਤ ਮਚਿਆ ਸੀ ਹੰਗਾਮਾ 
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਜਸਥਾਨ ਦੇ ਕੋਟਾ ਅਤੇ ਗੁਜਰਾਤ ਦੇ ਰਾਜਕੋਟ 'ਚ ਦਸੰਬਰ ਮਹੀਨੇ 'ਚ ਹੋਈ ਬੱਚਿਆਂ ਦੀ ਮੌਤ ਤੋਂ ਕਾਫ਼ੀ ਹੰਗਾਮਾ ਮਚਿਆ। ਕੋਟਾ ਦੇ ਜੇ.ਕੇ. ਲੋਨ ਹਸਪਤਾਲ 'ਚ ਦਸੰਬਰ ਮਹੀਨੇ ਤੋਂ ਲੈ ਕੇ ਜਨਵਰੀ ਦੇ ਸ਼ੁਰੂਆਤੀ ਹਫ਼ਤੇ ਤੱਕ 100 ਤੋਂ ਵਧ ਬੱਚਿਆਂ ਦੀ ਮੌਤ ਹੋ ਗਈ, ਜਦਕਿ ਰਾਜਕੋਟ ਦੇ ਹਸਪਤਾਲ 'ਚ ਦਸੰਬਰ ਮਹੀਨੇ 'ਚ 134 ਬੱਚਿਆਂ ਮੌਤ ਹੋ ਗਈ ਸੀ। ਇੱਥੇ ਜ਼ਿਆਦਾਤਰ ਮੌਤ ਦਾ ਕਾਰਨ ਕੁਪੋਸ਼ਣ ਅਤੇ ਜਨਮ ਤੋਂ ਬੀਮਾਰੀ ਦੱਸੀ ਗਈ।

DIsha

This news is Content Editor DIsha