ASI ਨੇ 13 ਦਿਨਾਂ ''ਚ ਕੋਰੋਨਾ ਨੂੰ ਦਿੱਤੀ ਮਾਤ, ਓਪਨ ਜਿਪਸੀ ''ਚ ਬੈਂਡ-ਵਾਜਿਆਂ ਨਾਲ ਪੁੱਜੇ ਘਰ

05/10/2020 6:43:18 PM

ਇੰਦੌਰ— ਕੋਰੋਨਾ ਵਾਇਰਸ ਕਰ ਕੇ ਇਸ ਸਮੇਂ ਦੇਸ਼ 'ਚ ਲਾਕਡਾਊਨ ਲਾਗੂ ਹੈ, ਜੋ ਕਿ 17 ਮਈ ਤੱਕ ਰਹੇਗਾ। ਕੋਰੋਨਾ ਦੇ ਕੇਸਾਂ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਇਸ ਦਰਮਿਆਨ ਕੁਝ ਚੰਗੀਆਂ ਅਤੇ ਹਾਰਤ ਭਰੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਮੱਧ ਪ੍ਰਦੇਸ਼ ਵੀ ਕੋਰੋਨਾ ਸੰਕਟ 'ਚ ਘਿਰਿਆ ਹੋਇਆ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਹੁਣ ਲਗਾਤਾਰ ਚੰਗੀਆਂ ਖ਼ਬਰਾਂ ਆ ਰਹੀਆਂ ਹਨ। ਕੋਰੋਨਾ ਵਾਇਰਸ ਪੀੜਤ 891 ਲੋਕ ਠੀਕ ਹੋ ਕੇ ਘਰ ਪਰਤ ਗਏ ਹਨ। ਸ਼ਨੀਵਾਰ ਨੂੰ 61 ਦੀ ਉਮਰ ਪਾਰ ਕਰ ਚੁੱਕੇ ਸਹਾਇਕ ਸਬ ਇੰਸਪੈਕਟਰ (ਏ. ਐੱਸ. ਆਈ.) ਜਦੋਂ ਕੋਰੋਨਾ ਨੂੰ ਹਰਾ ਕੇ ਹਸਪਤਾਲ ਤੋਂ ਬਾਹਰ ਨਿਕਲੇ, ਤਾਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। ਇੰਦੌਰ ਪੁਲਸ ਦੇ ਅਫਸਰ ਸਵਾਗਤ ਲਈ ਬੈਂਡ ਨਾਲ ਖੜ੍ਹੇ ਸਨ। ਦਰਅਸਲ ਏ. ਐੱਸ. ਆਈ. ਭਗਵਤੀ ਸ਼ਰਨ ਡਿਊਟੀ ਦੌਰਾਨ ਕੋਰੋਨਾ ਨਾਲ ਪੀੜਤ ਹੋਏ ਸਨ। 13 ਦਿਨਾਂ ਤੋਂ ਉਹ ਇੰਦੌਰ ਦੇ ਚੋਈਥਰਾਮ ਹਸਪਤਾਲ 'ਚ ਭਰਤੀ ਸਨ। ਸ਼ਨੀਵਾਰ ਨੂੰ ਉਨ੍ਹਾਂ ਦੀ ਛੁੱਟੀ ਹੋਈ ਤਾਂ ਬਾਹਰ ਪੁਲਸ ਦੇ ਵੱਡੇ ਅਧਿਕਾਰੀ ਉੱਥੇ ਖੜ੍ਹੇ ਸਨ। ਸੀਨੀਅਰ ਅਫਰਸਾਂ ਨੂੰ ਉੱਥੇ ਦੇਖ ਕੇ ਭਗਵਤੀ ਸ਼ਰਨ ਸ਼ਰਮਾ ਭਾਵੁਕ ਹੋ ਗਏ।

ਬੈਂਡ ਨਾਲ ਸਵਾਗਤ ਤੋਂ ਬਾਅਦ ਏ. ਐੱਸ. ਆਈ. ਨੂੰ ਪੁਲਸ ਦੀ ਓਪਨ ਜਿਪਸੀ ਵਿਚ ਘਰ ਭੇਜਿਆ ਗਿਆ। ਆਮ ਤੌਰ 'ਤੇ ਇਸ ਜਿਸਪੀ ਦੀ ਵਰਤੋਂ ਵੀ. ਵੀ. ਆਈ. ਪੀ. ਲੋਕਾਂ ਦੇ ਸਵਾਗਤ ਲਈ ਹੁੰਦਾ ਹੈ। ਉਸੇ ਜਿਪਸੀ ਵਿਚ ਸਵਾਰ ਹੋ ਕੇ ਭਗਵਤੀ ਸ਼ਰਨ ਸ਼ਰਮਾ ਹਸਪਤਾਲ ਤੋਂ ਘਰ ਲਈ ਨਿਕਲੇ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ, ਉਨ੍ਹਾਂ ਦੇ ਉੱਪਰ ਰਸਤੇ ਵਿਚ ਸਾਥੀਆਂ ਨੇ ਫੁੱਲਾਂ ਦੀ ਬਾਰਿਸ਼ ਕੀਤੀ। ਮਾਸਕ ਪਹਿਨੇ ਭਗਵਤੀ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਘਰ ਵੱਲ ਵੱਧਦੇ ਗਏ।

ਦਰਅਸਲ ਮੱਧ ਪ੍ਰਦੇਸ਼ 'ਚ ਪੁਲਸ ਕਰਮਚਾਰੀ 62 ਸਾਲ ਦੀ ਉਮਰ 'ਚ ਰਿਟਾਇਰਡ ਹੁੰਦੇ ਹਨ। ਭਗਵਤੀ ਸ਼ਰਨ ਨਵੰਬਰ 2020 'ਚ ਰਿਟਾਇਰਡ ਹੋਣ ਵਾਲੇ ਹਨ। 26 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਉਨ੍ਹਾਂ ਨੇ 13 ਦਿਨਾਂ 'ਚ ਹੀ ਕੋਰੋਨਾ ਨੂੰ ਹਰਾਇਆ ਹੈ। ਓਪਨ ਜਿਪਸੀ ਤੋਂ ਜਦੋਂ ਉਹ ਮਲਹਾਰਗੰਜ ਸਥਿਤ ਘਰ ਪੁੱਜੇ ਤਾਂ ਪਰਿਵਾਰਕ ਮੈਂਬਰਾਂ ਨੇ ਸਵਾਗਤ ਲਈ ਰੈੱਡ ਕਾਰਪੇਟ ਵਿਛਾਇਆ। ਇਸ 'ਤੇ ਚੱਲ ਕੇ ਉਹ ਆਪਣੇ ਘਰ ਪਹੁੰਚੇ। ਦੱਸ ਦੇਈਏ ਕਿ ਮੱਧ ਪ੍ਰਦੇਸ਼ 'ਚ ਕੋਰੋਨਾ ਵਾਇਰ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1,858 'ਤੇ ਪਹੁੰਚ ਗਈ ਹੈ। ਇਨ੍ਹਾਂ 'ਚੋਂ 89 ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਚੁੱਕੀ ਹੈ, ਜਦਕਿ 891 ਮਰੀਜ਼ਾਂ ਨੂੰ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋਣ 'ਤੇ ਹਸਪਤਾਲਾਂ ਤੋਂ ਛੁੱਟੀ ਦਿੱਤੀ ਜਾ ਚੁੱਕੀ ਹੈ।

Tanu

This news is Content Editor Tanu