ਮਦਰੱਸਿਆਂ ''ਚ ਪੜ੍ਹਨ ਵਾਲੇ ਬੱਚੇ ਜਾਂ ਤਾਂ ਮੌਲਵੀ ਬਣਨਗੇ ਜਾਂ ਅੱਤਵਾਦੀ : ਪਾਕਿ ਫੌਜ ਮੁਖੀ

12/11/2017 2:13:01 AM

ਨਵੀਂ ਦਿੱਲੀ/ ਇਸਲਾਮਾਬਾਦ-ਪਾਕਿਸਤਾਨੀ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਨੇ ਦੇਸ਼ 'ਚ ਵਧਦੇ ਮਦਰੱਸਿਆਂ ਅਤੇ ਉਨ੍ਹਾਂ 'ਚ ਦਿੱਤੀ ਜਾਣ ਵਾਲੀ ਸਿੱਖਿਆ 'ਤੇ ਸਵਾਲੀਆ ਨਿਸ਼ਾਨ ਲਾ ਦਿੱਤੇ। ਬਾਜਵਾ ਨੇ ਕਿਹਾ, ''ਅਜਿਹੀ ਥਾਂ (ਪਾਕਿਸਤਾਨ ਦੇ ਮਦਰੱਸਿਆਂ) 'ਚ ਪੜ੍ਹਨ ਵਾਲੇ ਬੱਚੇ ਜਾਂ ਤਾਂ ਮੌਲਵੀ ਬਣਨਗੇ ਜਾਂ ਅੱਤਵਾਦੀ ਕਿਉਂਕਿ ਪਾਕਿਸਤਾਨ 'ਚ ਇੰਨੀਆਂ ਮਸਜਿਦਾਂ ਨਹੀਂ ਬਣਾਈਆਂ ਜਾ ਸਕਦੀਆਂ ਕਿ ਹਰ ਬੱਚੇ ਨੂੰ ਨੌਕਰੀ ਮਿਲ ਸਕੇ।'' ਫੌਜ ਮੁਖੀ ਦਾ ਇਹ ਬਿਆਨ ਹੈਰਾਨ ਕਰਨ ਵਾਲਾ ਹੈ। ਦਰਅਸਲ ਅਜਿਹਾ ਘੱਟ ਹੀ ਹੁੰਦਾ ਹੈ ਕਿ ਪਾਕਿਸਤਾਨ ਵਰਗੇ ਕੱਟੜਵਾਦੀ ਦੇਸ਼ 'ਚ ਫੌਜ ਮੁਖੀ ਦੇਸ਼ ਦੇ ਮਦਰੱਸਿਆਂ 'ਤੇ ਹੀ ਸਵਾਲ ਉਠਾ ਦੇਵੇ। ਇਹ ਇਸ ਲਈ ਵੀ ਅਹਿਮ ਹੈ ਕਿ ਪਾਕਿਸਤਾਨ ਦੇ ਮਦਰੱਸਿਆਂ ਨੂੰ ਲੈ ਕੇ ਕਈ ਵਿਵਾਦ ਸਾਹਮਣੇ ਆਉਂਦੇ ਰਹੇ ਹਨ। 
ਸ਼ੁੱਕਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ 'ਚ ਬਾਜਵਾ ਨੇ ਕਿਹਾ, ''ਮਦਰੱਸਿਆਂ 'ਚ ਬੱਚਿਆਂ ਨੂੰ ਸਿਰਫ ਮਜ਼੍ਹਬੀ ਤਾਲੀਮ ਦਿੱਤੀ ਜਾਂਦੀ ਹੈ। ਇਥੋਂ ਦੇ ਸਟੂਡੈਂਟਸ ਬਾਕੀ ਦੁਨੀਆ ਦੇ ਮੁਕਾਬਲੇ ਕਾਫੀ ਪਿੱਛੇ ਰਹਿ ਜਾਂਦੇ ਹਨ। ਹੁਣ ਲੋੜ ਹੈ ਕਿ ਮਦਰੱਸਿਆਂ ਦੇ ਪੁਰਾਣੇ ਕਾਂਸੈਪਟ ਨੂੰ ਬਦਲਿਆ ਜਾਵੇ। ਬੱਚਿਆਂ ਨੂੰ ਵਰਲਡ ਕਲਾਸ ਐਜੂਕੇਸ਼ਨ ਦਿੱਤੀ ਜਾਵੇ।''
ਬਾਜਵਾ ਨੇ ਕਿਹਾ, ''ਸਿਰਫ ਮਦਰੱਸਿਆਂ 'ਚ ਮਿਲੀ ਤਾਲੀਮ ਨਾਲ ਬੱਚਿਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਇਥੇ ਦੁਨੀਆ 'ਚ ਕੀ ਚੱਲ ਰਿਹਾ ਹੈ? ਇਸ ਬਾਰੇ ਕੁਝ ਵੀ ਨਹੀਂ ਦੱਸਿਆ ਜਾਂਦਾ।''