ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਜੰਮੂ ਖੇਤਰ ''ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ

05/19/2022 5:35:30 PM

ਜੰਮੂ (ਭਾਸ਼ਾ)- 16ਵੀਂ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ, ਲੈਫਟੀਨੈਂਟ ਜਨਰਲ ਮਨਜਿੰਦਰ ਸਿੰਘ ਨੇ ਅਗਲੇ ਮਹੀਨੇ ਸ਼ੁਰੂ ਹੋ ਰਹੀ ਸਾਲਾਨਾ ਅਮਰਨਾਥ ਯਾਤਰਾ ਤੋਂ ਪਹਿਲਾਂ ਵੀਰਵਾਰ ਨੂੰ ਜੰਮੂ ਖੇਤਰ 'ਚ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੱਤਰੀ ਫ਼ੌਜ ਕਮਾਂਡਰ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਵਲੋਂ ਖੇਤਰ 'ਚ ਸੁਰੱਖਿਆ ਸਥਿਤੀ ਅਤੇ ਤਿਆਰੀਆਂ ਦੀ ਸਮੀਖਿਆ ਲਈ ਸਰਹੱਦੀ ਜ਼ਿਲ੍ਹੇ ਰਾਜੌਰੀ ਅਤੇ ਪੁੰਛ 'ਚ ਮੋਹਰੀ ਇਲਾਕਿਆਂ ਦਾ ਦੌਰਾ ਕੀਤੇ ਜਾਣ ਦੇ ਤੁਰੰਤ ਬਾਅਦ ਬੈਠਕ ਹੋਈ।

ਰੱਖਿਆ ਬੁਲਾਰੇ ਨੇ ਦੱਸਿਆ,''ਲੈਫਟੀਨੈਂਟ ਜਨਰਲ ਸਿੰਘ ਦੀ ਪ੍ਰਧਾਨਗੀ 'ਚ ਨਗਰੋਟਾ 'ਚ ਇਕ ਸੁਰੱਖਿਆ ਸਮੀਖਿਆ ਬੈਠਕ ਹੋਈ। ਬੈਠਕ 'ਚ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਮੁਕੇਸ਼ ਸਿੰਘ ਅਤੇ ਖੇਤਰ 'ਚ ਕੰਮ ਕਰ ਰਹੀਆਂ ਵੱਖ-ਵੱਖ ਖੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ।'' ਉਨ੍ਹਾਂ ਦੱਸਿਆ ਕਿ ਬੈਠਕ 'ਚ ਮੁੱਖ ਰੂਪ ਨਾਲ ਜੰਮੂ ਡਿਵੀਜ਼ਨ 'ਚ ਮੌਜੂਦਾ ਸੁਰੱਖਿਆ ਸਥਿਤੀ 'ਤੇ ਧਿਆਨ ਕੇਂਦਰਿਤ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਆਉਣ ਵਾਲੀ ਅਮਰਨਾਥ ਯਾਤਰਾ ਲਈ ਸੁਰੱਖਿਆ ਉਪਾਵਾਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ ਤਾਂ ਕਿ ਖੁਫ਼ੀਆ ਅਤੇ ਸੁਰੱਖਿਆ ਏਜੰਸੀਆਂ ਦਰਮਿਆਨ ਬਿਹਤਰ ਤਾਲਮੇਲ ਯਕੀਨੀ ਕੀਤਾ ਜਾ ਸਕੇ। ਅਮਰਨਾਥ ਯਾਤਰਾ 2 ਸਾਲ ਦੇ ਅੰਤਰਾਲ ਤੋਂ ਬਾਅਦ ਅਗਲੇ ਮਹੀਨੇ ਦੇ ਅੰਤ 'ਚ ਸ਼ੁਰੂ ਹੋਣ ਦਾ ਪ੍ਰੋਗਰਾਮ ਹੈ।

DIsha

This news is Content Editor DIsha