ਰਸੌਈ ਗੈਸ ਸਿਲੰਡਰ ਹੋਇਆ ਹੋਰ ਮਹਿੰਗਾ, ਲਗਾਤਾਰ ਤੀਜੇ ਮਹੀਨੇ ਵਧੇ ਭਾਅ

11/01/2019 11:04:54 AM

ਨਵੀਂ ਦਿੱਲੀ — ਨਵੰਬਰ ਮਹੀਨਾ ਸ਼ੁਰੂ ਹੁੰਦੇ ਹੀ ਦੇਸ਼ ਦੇ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਇਕ ਨਵੰਬਰ ਯਾਨੀ ਕਿ ਅੱਜ ਤੋਂ ਰਸੌਈ ਗੈਸ ਸਿਲੰਡਰ ਦੀ ਕੀਮਤ 'ਚ ਵਾਧਾ ਹੋਇਆ ਹੈ। ਲਗਾਤਾਰ ਤੀਜੇ ਮਹੀਨੇ ਰਸੌਈ ਗੈਸ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਦੇ ਪ੍ਰਮੁੱਖ ਮਹਾਨਗਰਾਂ 'ਚ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਕਰੀਬ 77 ਰੁਪਏ ਮਹਿੰਗਾ ਹੋਇਆ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 'ਚ 1 ਨਵੰਬਰ ਤੋਂ 76.5 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕੀਮਤ ਵਧਣ ਦੇ ਬਾਅਦ ਦਿੱਲੀ 'ਚ 1 ਨਵੰਬਰ ਤੋਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਸਿਲੰਡਰ ਦੀ ਕੀਮਤ 681.50 ਰੁਪਏ ਹੋ ਗਈ ਹੈ।19 ਕਿਲੋ ਵਾਲੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 'ਚ 119 ਰੁਪਏ ਦਾ ਵਾਧਾ ਹੋਇਆ ਹੈ। ਨਵੀਂ ਕੀਮਤ ਲਾਗੂ ਹੋਣ ਦੇ ਬਾਅਦ ਇਸ ਸਿਲੰਡਰ ਦੀ ਕੀਮਤ  1204 ਰੁਪਏ ਹੋ ਗਈ ਹੈ। ਇਸ ਤੋਂ ਪਹਿਲਾਂ ਅਕਤੂਬਰ 'ਚ ਇਹ ਸਿਲੰਡਰ 1085 ਰੁਪਏ 'ਚ ਮਿਲ ਰਿਹਾ ਸੀ। ਇਸ ਤੋਂ ਇਲਾਵਾ 5 ਕਿਲੋ ਵਾਲਾ ਸਿਲੰਡਰ ਹੁਣ 264.50 ਰੁਪਏ 'ਚ ਮਿਲੇਗਾ।

PunjabKesari

ਅੱਜ ਤੋਂ ਦਿੱਲੀ 'ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਲਈ ਤੁਹਾਨੂੰ 681.50 ਰੁਪਏ ਦਾ ਭੁਗਤਾਨ ਕਰਨਾ ਪਵੇਗਾ। ਕੋਲਕਾਤਾ 'ਚ ਇਸ ਦੀ ਮੌਜੂਦਾ ਕੀਮਤ 706 ਰੁਪਏ ਹੈ। ਇਸ ਦੇ ਨਾਲ ਹੀ ਮੁੰਬਈ ਅਤੇ ਚੇਨਈ 'ਚ 14.2 ਕਿਲੋ ਦੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦਾ ਭਾਅ ਕ੍ਰਮਵਾਰ 651 ਅਤੇ 696 ਰੁਪਏ ਹੈ। ਇਸ ਦੇ ਨਾਲ ਹੀ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਦਿੱਲੀ 'ਚ 1204 ਰੁਪਏ ਹੋ ਗਈ ਹੈ। ਕੋਲਕਾਤਾ 'ਚ 1258 ਰੁਪਏ, ਮੁੰਬਈ 'ਚ 1151.50 ਰੁਪਏ ਅਤੇ ਚੇਨਈ 'ਚ ਇਸ ਦੀ ਕੀਮਤ 1319 ਰੁਪਏ ਹੋ ਗਈ ਹੈ।
 


Related News