ਭਾਰਤ ਘੁੰਮਣ ਆਏ ਵਿਦੇਸ਼ੀ ਪ੍ਰੇਮੀ ਜੋੜੇ ਨੂੰ ਡੰਡਿਆਂ ਨਾਲ ਕੁੱਟਿਆ, ਸੁਸ਼ਮਾ ਨੇ ਮੰਗੀ ਰਿਪੋਰਟ

Thursday, Oct 26, 2017 - 10:00 AM (IST)

ਆਗਰਾ— ਭਾਰਤ ਘੁੰਮਣ ਆਏ ਸਵਿਸ ਪ੍ਰੇਮੀ ਜੋੜੇ ਨੂੰ ਯੂ.ਪੀ. ਦੇ ਫਤਿਹਪੁਰ ਸੀਕਰੀ 'ਚ ਅਜਿਹੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ, ਜਿਸ ਬਾਰੇ ਉਨ੍ਹਾਂ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ। ਐਤਵਾਰ ਨੂੰ ਫਤਿਹਪੁਰ ਸੀਕਰੀ 'ਚ ਨੌਜਵਾਨਾਂ ਦੇ ਸਮੂਹ ਨੇ ਪੱਥਰ ਅਤੇ ਡੰਡਿਆਂ ਨਾਲ ਸਵਿਟਜ਼ਰਲੈਂਡ ਦੇ ਲੁਜਾਨ ਦੇ ਰਹਿਣ ਵਾਲੇ ਪ੍ਰੇਮੀ ਜੋੜੇ 'ਤੇ ਹਮਲਾ ਕਰ ਦਿੱਤਾ। ਖੂਨ ਨਾਲ ਲੱਥਪੱਥ ਵਿਦੇਸ਼ੀ ਸੈਲਾਨੀ ਸੜਕ 'ਤੇ ਪਏ ਹੋਏ ਸਨ ਅਤੇ ਰਾਹਗੀਰ ਵੀਡੀਓ ਬਣਾਉਂਦੇ ਰਹੇ। ਇਸ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵਿਦੇਸ਼ੀਆਂ ਦੀ ਕੁੱਟਮਾਰ 'ਤੇ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਉਨ੍ਹਾਂ ਨੇ ਰਾਜ ਸਰਕਾਰ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਹਸਪਤਾਲ ਜਾ ਕੇ ਸਵਿਸ ਨਾਗਰਿਕਾਂ ਨੂੰ ਮਿਲਣਗੇ। 30 ਸਤੰਬਰ ਨੂੰ ਆਪਣੀ ਪ੍ਰੇਮਿਕਾ ਮੇਰੀ ਦਰੋਜ ਨਾਲ ਭਾਰਤ ਆਏ ਕਿਊਨਟੀਨ ਜੇਰਮੀ ਕਲਾਰਕ ਦਿੱਲੀ ਦੇ ਇਕ ਹਸਪਤਾਲ 'ਚ ਭਰਤੀ ਹਨ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਉਹ ਫਤਿਹਪੁਰ ਸੀਕਰੀ ਰੇਲਵੇ ਸਟੇਸ਼ਨ ਨੇੜੇ ਘੁੰਮ ਰਹੇ ਸਨ। ਇਸ ਦੌਰਾਨ ਨੌਜਵਾਨਾਂ ਦੇ ਇਕ ਸਮੂਹ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦਰੋਜ ਨੇ ਕਿਹਾ,''ਸ਼ੁਰੂ 'ਚ ਉਨ੍ਹਾਂ ਨੇ ਕਮੈਂਟ ਕੀਤਾ, ਜਿਸ ਨੂੰ ਅਸੀਂ ਸਮਝ ਨਹੀਂ ਸਕੇ ਅਤੇ ਬਾਅਦ 'ਚ ਉਨ੍ਹਾਂ ਨੇ ਜ਼ਬਰਦਸਤੀ ਸਾਨੂੰ ਰੋਕ ਦਿੱਤਾ ਤਾਂ ਕਿ ਉਹ ਮੇਰੀ ਦਰੋਜ ਨਾਲ ਸੈਲਫੀ ਲੈ ਸਕਣ।''

ਪਿੱਛਾ ਕਰ ਰਹੇ ਨੌਜਵਾਨਾਂ ਨੇ ਕਲਾਰਕ ਦਾ ਸਿਰ ਭੰਨ ਦਿੱਤਾ। ਦੂਜੇ ਪਾਸੇ ਕਲਾਰਕ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਇਕ ਕੰਨ ਤੋਂ ਘੱਟ ਸੁਣਾਈ ਦੇਵੇਗਾ। ਇਸ ਹਮਲੇ 'ਚ ਉਨ੍ਹਾਂ ਦੀ ਪ੍ਰੇਮਿਕਾ ਨੂੰ ਵੀ ਸੱਟਾਂ ਲੱਗੀਆਂ ਹਨ। ਕਲਾਰਕ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਉਹ ਖੂਨ ਨਾਲ ਲੱਥਪੱਥ ਹੋ ਕੇ ਸੜਕ 'ਤੇ ਪਏ ਹੋਏ ਸਨ ਅਤੇ ਨੇੜੇ-ਤੇੜੇ ਤੋਂ ਲੰਘਣ ਵਾਲੇ ਲੋਕ ਇਲਾਜ ਕਰਵਾਉਣ ਦੀ ਬਜਾਏ ਮੋਬਾਇਲ 'ਤੇ ਵੀਡੀਓ ਬਣਾ ਰਹੇ ਸਨ। ਕਲਾਰਕ ਨੇ ਕਿਹਾ,''ਵਿਰੋਧ ਤੋਂ ਬਾਅਦ ਵੀ ਉਨ੍ਹਾਂ ਲੜਕਿਆਂ ਨੇ ਸਾਡਾ ਪਿੱਛਾ ਕਰਨਾ ਬੰਦ ਨਹੀਂ ਕੀਤਾ। ਪੂਰੇ ਰਸਤੇ ਉਹ ਫੋਟੋ ਲੈਂਦੇ ਰਹੇ ਅਤੇ ਮੇਰੀ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰਦੇ ਰਹੇ। ਜਿੰਨਾ ਅਸੀਂ ਸਮਝ ਸਕੇ, ਉਸ ਅਨੁਸਾਰ ਉਹ ਸਾਡਾ ਨਾਂ ਅਤੇ ਸਾਡੇ ਦੇਸ਼ ਬਾਰੇ ਜਾਣਨਾ ਚਾਹੁੰਦੇ ਸਨ। ਉਹ ਸਾਨੂੰ ਤੰਗ ਕਰ ਰਹੇ ਸਨ। ਉਹ ਸਾਨੂੰ ਆਪਣੇ ਨਾਲ ਕੁਝ ਥਾਂਵਾਂ 'ਤੇ ਲਿਜਾਉਣਾ ਚਾਹੁੰਦੇ ਸਨ, ਜਿਸ ਨੂੰ ਅਸੀਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੱਥਰਾਂ ਅਤੇ ਡੰਡਿਆਂ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ। ਜਦੋਂ ਮੇਰੀ ਨੇ ਮੈਨੂੰ ਬਚਾਉਣਾ ਚਾਹਿਆ ਤਾਂ ਉਸ ਨੂੰ ਵੀ ਕੁੱਟ ਦਿੱਤਾ। ਦੂਜੇ ਪਾਸੇ ਇਸ ਸੰਬੰਧ 'ਚ ਆਗਰਾ ਪੁਲਸ ਨੇ ਇਕ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News