‘ਆਪ’ ਦੇ ਕੌਮੀ ਦਰਜੇ ਦੇ ਮਾਮਲੇ ’ਤੇ ਗੌਰ ਕਰ ਰਹੇ ਹਾਂ : ਚੋਣ ਕਮਿਸ਼ਨ

03/30/2023 4:25:50 PM

ਨਵੀਂ ਦਿੱਲੀ, (ਭਾਸ਼ਾ)– ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਆਮ ਆਦਮੀ ਪਾਰਟੀ (ਆਪ) ਨੂੰ ਕੌਮੀ ਦਰਜਾ ਦੇਣ ਦੇ ਮਾਮਲੇ ’ਤੇ ਵਿਚਾਰ ਕਰ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਸ ਮਾਮਲੇ ਵਿਚ ਸਵਾਲ ਕੀਤੇ ਜਾਣ ’ਤੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਅਸੀਂ ਇਸ ਮਾਮਲੇ ’ਤੇ ਛੇਤੀ ਹੀ ਤੁਹਾਨੂੰ ਜਵਾਬ ਦੇਵਾਂਗੇ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦੇ ਪਿਛਲੇ ਸਾਲ ਦੇ ਚੋਣ ਪ੍ਰਦਰਸ਼ਨ ਨੇ ਚੋਣ ਕਮਿਸ਼ਨ ਵਲੋਂ ਉਸ ਨੂੰ ਰਾਸ਼ਟਰੀ ਪਾਰਟੀ ਦੇ ਰੂਪ ਵਿਚ ਮਾਨਤਾ ਦਿੱਤੇ ਜਾਣ ਦਾ ਰਸਤਾ ਸਾਫ ਕਰ ਦਿੱਤਾ ਸੀ। ਚੋਣ ਨਿਸ਼ਾਨ (ਰਾਖਵਾਂਕਰਨ ਅਤੇ ਅਲਾਟਮੈਂਟ) ਹੁਕਮ, 1968 ਮੁਤਾਬਕ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਲਈ ਸਿਆਸੀ ਸੰਗਠਨ ਨੂੰ 4 ਸੂਬਿਆਂ ਵਿਚ ਸੂਬੇ ਦੀ ਪਾਰਟੀ ਦੇ ਰੂਪ ਵਿਚ ਮਾਨਤਾ ਪ੍ਰਾਪਤ ਹੋਣੀ ਚਾਹੀਦੀ ਹੈ ਅਤੇ ਸੰਬੰਧਤ ਵਿਧਾਨ ਸਭਾਵਾਂ ਵਿਚ ਉਸ ਦੇ ਘੱਟੋ-ਘੱਟ 2 ਮੈਂਬਰ ਹੋਣੇ ਚਾਹੀਦੇ ਹਨ। ਸੂਬੇ ਦੀ ਪਾਰਟੀ ਦੇ ਰੂਪ ਵਿਚ ਮਾਨਤਾ ਪ੍ਰਾਪਤ ਕਰਨ ਦੇ ਯੋਗ ਬਣਨ ਲਈ ਕਿਸੇ ਸਿਆਸੀ ਪਾਰਟੀ ਨੂੰ 2 ਸੀਟਾਂ ਜਿੱਤਣੀਆਂ ਹੁੰਦੀਆਂ ਹਨ ਅਤੇ ਸੂਬੇ ਵਿਚ ਘੱਟੋ-ਘੱਟ 6 ਫੀਸਦੀ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਹਨ।

Rakesh

This news is Content Editor Rakesh