ਸ਼ੈੱਫ ਲਤਾ ਨੇ 87 ਘੰਟਿਆਂ ਤਕ ਪਕਾਇਆ ਖਾਣਾ, ਬਣਾਇਆ ਵਰਲਡ ਰਿਕਾਰਡ

11/26/2019 3:22:48 PM

ਇੰਦੌਰ— ਭਾਰਤ ਦੀ 39 ਸਾਲਾ ਸ਼ੈੱਫ ਨੇ ਸਭ ਤੋਂ ਲੰਬੇ ਸਮੇਂ ਤਕ ਖਾਣਾ ਪਕਾਉਣ ਦਾ ਵਿਸ਼ਵ ਰਿਕਾਰਡ ਕਾਇਮ ਕਰਦੇ ਹੋਏ ਗਿਨੀਜ਼ ਵਰਲਡ ਰਿਕਾਰਡਜ਼ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਵਿਸ਼ਵ ਰਿਕਾਰਡ ਬਣਾਉਣ ਵਾਲੀ ਲਤਾ ਟੰਡਨ ਨੇ ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗਿਨੀਜ਼ ਵਰਲਡ ਰਿਕਾਰਡਜ਼ ਨੇ ਉਨ੍ਹਾਂ ਦੇ ਇਸ ਕਾਰਨਾਮੇ ਨੂੰ 'ਲੋਨਗੈਸਟ (ਸਭ ਤੋਂ ਲੰਬਾ) ਕੁਕਿੰਗ ਮੈਰਾਥਨ' ਦੇ ਰੂਪ ਵਿਚ ਮਾਨਤਾ ਦਿੰਦੇ ਹੋਏ ਸਰਟੀਫਿਕੇਟ ਜਾਰੀ ਕੀਤਾ ਹੈ। ਮੱਧ ਪ੍ਰਦੇਸ਼ ਦੇ ਰੀਵਾ ਨਾਲ ਸੰਬੰਧ ਰੱਖਣ ਵਾਲੀ ਲਤਾ ਟੰਡਨ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸ਼ਹਿਰ ਦੇ ਇਕ ਹੋਟਲ ਵਿਚ 3 ਸਤੰਬਰ ਤੋਂ 7 ਸਤੰਬਰ ਦਰਮਿਆਨ ਲਗਾਤਾਰ 87 ਘੰਟੇ 45 ਮਿੰਟ ਤਕ ਕਰੀਬ 1600 ਕਿਲੋਗ੍ਰਾਮ ਖਾਣਾ ਪਕਾਇਆ ਅਤੇ ਗਿਨੀਜ਼ ਵਰਲਡ ਰਿਕਾਰਡਜ਼ ਦੇ ਸਾਹਮਣੇ ਰਿਕਾਰਡ ਦਾ ਦਾਅਵਾ ਪੇਸ਼ ਕੀਤਾ ਸੀ।


ਇਸ ਦੌਰਾਨ ਉਨ੍ਹਾਂ ਨੇ ਗੈਸ ਦੇ ਚੁੱਲ੍ਹੇ 'ਤੇ 8 ਬਰਨਰਾਂ ਦਾ ਇਸਤੇਮਾਲ ਕੀਤਾ ਅਤੇ ਚਾਵਲ ਦੇ ਵੱਖ-ਵੱਖ ਪਕਵਾਨ, ਛੋਲੇ, ਕਈ ਤਰ੍ਹਾਂ ਦੀਆਂ ਦਾਲਾਂ, ਕੜੀ, ਬੜਾ ਪਾਓ, ਸੈਂਡਵਿਚ, ਹਲਵਾ ਅਤੇ ਖੀਰ ਸਮੇਤ ਕੋਈ 30 ਵਿਅੰਜਨ ਪਕਾਏ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਰਿਕਾਰਡ ਬਣਾਉਣ ਲਈ ਉਨ੍ਹਾਂ ਦਾ ਪਕਾਇਆ ਖਾਣਾ ਕਰੀਬ 20,000 ਲੋਕਾਂ ਨੂੰ ਖੁਆਇਆ ਗਿਆ, ਜਿਸ 'ਚ ਅਨਾਥ ਆਸ਼ਰਮ ਵਿਚ ਰਹਿਣ ਵਾਲੇ ਬੱਚੇ, ਦਿਵਯਾਂਗ ਮੁੰਡੇ-ਕੁੜੀਆਂ ਅਤੇ ਬਿਰਧ ਆਸ਼ਰਮ ਦੇ ਬਜ਼ੁਰਗ ਸ਼ਾਮਲ ਹਨ। ਲਤਾ ਨੇ ਕਿਹਾ ਕਿ ਭਾਰਤ ਦਾ ਰਿਵਾਇਤੀ ਖਾਣਾ ਹਰ ਮਾਮਲੇ ਵਿਚ ਬਿਹਤਰੀਨ ਹੈ। ਮੈਂ ਇਸ ਖਾਣਏ ਦੇ ਸੁਆਦ ਨੂੰ ਦੁਨੀਆ ਭਰ 'ਚ ਪਹੁੰਚਾਉਣਾ ਚਾਹੁੰਦੀ ਹਾਂ।

Tanu

This news is Content Editor Tanu