16,000 ਕਿ.ਮੀ. ਤੋਂ ਵੱਧ ਲੰਬੀ ਮਨੁੱਖੀ ਲੜੀ ਬਣਾ ਬਿਹਾਰ ਨੇ ਰਚਿਆ ਇਤਿਹਾਸ, ਦਿੱਤਾ ਇਹ ਸੁਨੇਹਾ

01/19/2020 5:56:38 PM

ਪਟਨਾ—'ਜਲ-ਜੀਵਨ-ਹਰਿਆਲੀ' ਮੁਹਿੰਮ ਤਹਿਤ ਬਿਹਾਰ ਇਕ ਵਾਰ ਫਿਰ ਵਿਸ਼ਵ ਰਿਕਾਰਡ ਬਣਾਉਣ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਅੱਜ ਭਾਵ ਐਤਵਾਰ ਨੂੰ ਬਾਲ ਵਿਆਹ ਰੋਕਣ, ਨਸ਼ਾ ਮੁਕਤੀ, ਵਾਤਾਵਰਣ ਸੁਰੱਖਿਆ ਅਤੇ ਦਾਜ ਪ੍ਰਥਾ ਖਿਲਾਫ ਹੱਲਾ ਬੋਲ ਨੂੰ ਲੈ ਕੇ ਪੂਰੇ ਸੂਬੇ 'ਚ ਲਗਭਗ 4 ਕਰੋੜ ਲੋਕਾਂ ਨੇ ਮਨੁੱਖੀ ਲੜੀ ਦੇ ਰੂਪ 'ਚ ਹਿੱਸਾ ਲਿਆ। 15 ਹੈਲੀਕਾਪਟਰ ਇਸ ਮਨੁੱਖ ਲੜੀ ਦੀਆਂ ਤਸਵੀਰਾਂ ਲੈ ਰਹੇ ਹਨ।

ਦੱਸ ਦੇਈਏ ਕਿ ਮਨੁੱਖੀ ਲੜੀ ਦਾ ਮੁੱਖ ਆਯੋਜਨ ਪਟਨਾ ਦੇ ਇਤਿਹਾਸਿਕ ਗਾਂਧੀ ਮੈਦਾਨ 'ਚ ਕੀਤਾ ਗਿਆ ਹੈ। ਇੱਥੇ ਮੁੱਖ ਮੰਤਰੀ ਨੀਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਸਮੇਤ ਵੱਡੀ ਗਿਣਤੀ 'ਚ ਨੀਤੀਸ਼ ਸਰਕਾਰ ਦੇ ਮੰਤਰੀ ਪਹੁੰਚੇ। ਇਸ ਤੋਂ ਇਲਾਵਾ ਸਰਕਾਰ ਦੇ ਟਾਪ ਅਧਿਕਾਰੀਆਂ ਦੀ ਟੀਮ ਵੀ ਇੱਕ-ਦੂਜੇ ਦੇ ਹੱਥਾਂ 'ਚ ਹੱਥ ਫੜ੍ਹ ਕੇ ਕਤਾਰ ਬੰਨ੍ਹ ਕੇ ਖੜ੍ਹੇ ਹੋਏ ਦੇਖੇ ਗਏ।

ਰਾਜਧਾਨੀ ਪਟਨਾ ਸਮੇਤ ਸਾਰੇ 38 ਜ਼ਿਲਿਆਂ 'ਚ ਲਗਭਗ ਸਵਾ ਚਾਰ ਕਰੋੜ ਲੋਕਾਂ ਨੇ ਦਿਨ ਦੇ 11.30 ਵਜੇ ਤੋਂ 12 ਵਜੇ ਤਕ 16000 ਕਿ.ਮੀ ਦੀ ਲੰਬਾਈ 'ਚ ਹੱਥਾਂ 'ਚ ਹੱਥ ਫੜ੍ਹ ਕੇ ਜਲ-ਜੀਵਨ-ਹਰਿਆਲੀ ਦੇ ਹੱਕ 'ਚ ਆਪਣੀ ਇਕ ਮੁੱਠਤਾ ਵਿਖਾਈ। ਨਾਲ ਹੀ ਸ਼ਰਾਬਬੰਦੀ ਹੱਕ 'ਚ ਵੀ ਆਵਾਜ਼ ਬੁਲੰਦ ਕੀਤੀ। ਮੁਜ਼ੱਫਰਪੁਰ ਜ਼ਿਲੇ 'ਚ ਇਕ ਦਰਿਆ ਦੇ ਆਰ- ਪਾਰ ਦੇ ਲੋਕਾਂ ਨੂੰ ਮਨੁੱਖੀ ਲੜੀ ਬਣਾਉਣ ਲਈ ਦਰਿਆ 'ਚ ਕਿਸ਼ਤੀਆਂ ਦੀ ਕਤਾਰ ਲਾ ਦਿੱਤੀ। ਬਿਹਾਰ ਦੇ ਦਰਿਆਵਾਂ ਤੋਂ ਲੈ ਕੇ ਨੀਮ ਪਹਾੜੀ ਇਲਾਕਿਆਂ ਤੱਕ ਹਰ ਥਾਂ ਮਨੁੱਖੀ ਲੜੀ ਬਣਾਈ ਗਈ।

15 ਹੈਲੀਕਾਪਟਰਾਂ ਤੋਂ ਤਸਵੀਰਾਂ-
ਇਸ ਮਨੁੱਖੀ ਲੜੀ ਦੀ ਤਸਵੀਰ ਲੈਣ ਲਈ ਡ੍ਰੋਨ ਅਤੇ 15 ਹੈਲੀਕਾਪਟਰ ਮੰਗਵਾਏ ਗਏ ਹਨ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਦਾ ਦਾਅਵਾ ਹੈ ਕਿ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਜਨ ਜਾਗਰੂਕਤਾ ਲਈ ਇਹ ਦੁਨੀਆ ਦੀ ਸਭ ਤੋਂ ਵੱਡੀ ਮਨੁੱਖੀ ਲੜੀ ਹੋਵੇਗੀ। ਸੂਬਾ ਸਰਕਾਰ ਵੱਲੋਂ ਲੜੀ ਦੇ ਨੋਡਲ ਸਿੱਖਿਆ ਵਿਭਾਗ ਦੇ ਨਾਲ ਹੀ ਸਾਰੇ ਜ਼ਿਲਿਆਂ ਨੇ ਤਮਾਮ ਤਿਆਰੀਆਂ ਪੂਰੀਆਂ ਕੀਤੀਆਂ ਸੀ।

ਸਕੂਲ ਦੇ ਬੱਚੇ ਲੈ ਰਹੇ ਹਨ ਹਿੱਸਾ-
ਅੱਜ ਭਾਵ ਐਤਵਾਰ ਨੂੰ ਸਵੇਰ ਤੋਂ ਹੀ ਵੱਖ-ਵੱਖ ਸੜਕਾਂ 'ਤੇ ਸਕੂਲੀ ਬੱਚੇ ਇੱਕ-ਦੂਜੇ ਦੇ ਹੱਥ ਫੜ੍ਹ ਕੇ ਖੜ੍ਹੇ ਹੋ ਗਏ। ਜਲ-ਜੀਵਨ-ਹਰਿਆਲੀ ਮੁਹਿੰਮ ਤਹਿਤ ਬਣਾਈ ਇਹ ਮਨੁੱਖੀ ਲੜੀ 16,000 ਕਿਲੋਮੀਟਰ ਲੰਬੀ ਹੈ, ਜਿਸ 'ਚ 4 ਕਰੋੜ 27 ਲੱਖ ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ।

ਸਖਤ ਸੁਰੱਖਿਆ ਪ੍ਰਬੰਧ-
ਮਨੁੱਖੀ ਲੜੀ ਨੂੰ ਲੈ ਕੇ ਸੁਰੱਖਿਆ ਦੇ ਵੀ ਸਖਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬਿਹਾਰ 'ਚ ਸ਼ਰਾਬਬੰਦੀ ਨੂੰ ਲੈ ਕੇ 'ਜਨ ਜਾਗਰੂਕਤਾ ਮੁਹਿੰਮ' ਤਹਿਤ 21 ਜਨਵਰੀ 2017 ਅਤੇ 21 ਜਨਵਰੀ 2018 ਨੂੰ ਦਾਜ ਅਤੇ ਬਾਲ ਵਿਆਹ ਦੇ ਖਿਲਾਫ ਵੀ ਮਨੁੱਖੀ ਲੜੀ ਬਣਾਈ ਗਈ ਸੀ।

Iqbalkaur

This news is Content Editor Iqbalkaur