ਮੋਦੀ ਸਰਕਾਰ ਦੇ ਖਿਲਾਫ ਬੇਭਰੋਸਗੀ ਮਤਾ ਬਹਿਸ ਲਈ ਪ੍ਰਵਾਨ

07/19/2018 10:38:55 AM

ਨਵੀਂ ਦਿੱਲੀ— ਮੋਦੀ ਸਰਕਾਰ ਵਿਰੁੱਧ ਤੇਲਗੂ ਦੇਸ਼ਮ ਪਾਰਟੀ ਵਲੋਂ ਬੁੱਧਵਾਰ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਲੋਕ ਸਭਾ ਵਿਚ ਚਰਚਾ ਲਈ ਪ੍ਰਵਾਨ ਕਰ ਲਿਆ ਗਿਆ। ਇਸ 'ਤੇ ਚਰਚਾ ਅਤੇ ਵੋਟਿੰਗ ਸ਼ੁੱਕਰਵਾਰ ਨੂੰ ਹੋਵੇਗੀ। ਉਸ ਦਿਨ ਹਾਊਸ ਵਿਚ ਨਾ ਤਾਂ ਪ੍ਰਸ਼ਨਕਾਲ ਹੋਵੇਗਾ ਅਤੇ ਨਾ ਕੋਈ ਗੈਰ-ਸਰਕਾਰੀ ਕੰਮਕਾਜ। ਚਰਚਾ ਸਵੇਰੇ 11 ਵਜੇ ਸ਼ੁਰੂ ਹੋਵੇਗੀ, ਜੋ 7 ਘੰਟੇ ਚੱਲੇਗੀ। ਉਸੇ ਦਿਨ ਮਤੇ 'ਤੇ ਵੋਟਾਂ ਪੁਆਈਆਂ ਜਾਣਗੀਆਂ। ਮੋਦੀ ਸਰਕਾਰ ਦੇ 4 ਸਾਲ ਤੋਂ ਵੱਧ ਸਮੇਂ ਦੇ ਕਾਰਜਕਾਲ ਦੌਰਾਨ ਉਸ ਵਿਰੁੱਧ ਪਹਿਲੀ ਵਾਰ ਬੇਭਰੋਸਗੀ ਮਤਾ ਆਇਆ ਹੈ।
ਮਾਨਸੂਨ ਸਮਾਗਮ ਦੇ ਪਹਿਲੇ ਦਿਨ ਬੁੱਧਵਾਰ ਪ੍ਰਸ਼ਨਕਾਲ ਪਿੱਛੋਂ ਜ਼ਰੂਰੀ ਦਸਤਾਵੇਜ਼ ਹਾਊਸ ਦੀ ਟੇਬਲ 'ਤੇ ਰਖਵਾਉਣ ਪਿੱਛੋਂ ਸਪੀਕਰ ਸੁਮਿੱਤਰਾ ਮਹਾਜਨ ਨੇ ਹਾਊਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਤੇਲਗੂ ਦੇਸ਼ਮ ਪਾਰਟੀ ਦੇ ਸ਼੍ਰੀਨਿਵਾਸ, ਥੋਟਾ ਨਰਸਿਮਹਨ, ਐੱਨ. ਸੀ. ਪੀ. ਦੇ ਤਾਰਿਕ ਅਨਵਰ, ਮਾਰਕਸਵਾਦੀ ਪਾਰਟੀ ਦੇ ਮੁਹੰਮਦ ਸਲੀਮ, ਕਾਂਗਰਸ ਦੇ ਮਲਿਕਾਰਜੁਨ ਖੜਗੇ, ਕੇ. ਸੀ. ਵੇਣੂਗੋਪਾਲ ਅਤੇ ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐੱਨ. ਕੇ. ਪ੍ਰੇਮਚੰਦਰਨ ਵਲੋਂ ਬੇਭਰੋਸਗੀ ਮਤੇ ਦੇ ਨੋਟਿਸ ਮਿਲੇ ਹਨ। 
ਸੁਮਿੱਤਰਾ ਨੇ ਕਿਹਾ ਕਿ ਸ਼੍ਰੀਨਿਵਾਸ ਦਾ ਮਤਾ ਸਭ ਤੋਂ ਪਹਿਲਾਂ ਮਿਲਿਆ ਸੀ, ਇਸ ਲਈ ਉਹ ਉਨ੍ਹਾਂ ਨੂੰ ਪ੍ਰਸਤਾਵ ਪੇਸ਼ ਕਰਨ ਦੀ ਆਗਿਆ ਦਿੰਦੀ ਹੈ। ਇਸ 'ਤੇ ਸ਼੍ਰੀਨਿਵਾਸ ਨੇ ਇਕ ਪੰਗਤੀ ਦਾ ਆਪਣਾ ਪ੍ਰਸਤਾਵ ਪੜ੍ਹਿਆ ਗਿਆ, ਜਿਸ ਵਿਚ ਕਿਹਾ ਗਿਆ,'' ਇਹ ਹਾਊਸ ਸਰਕਾਰ ਵਿਰੁੱਧ ਬੇਭਰੋਸਗੀ ਪ੍ਰਗਟ ਕਰਦਾ ਹੈ।''
ਇਸ ਪਿੱਛੋਂ ਸਪੀਕਰ ਨੇ ਪੁੱਛਿਆ ਕਿ ਹਾਊਸ ਵਿਚ ਕਿੰਨੇ ਮੈਂਬਰ ਮਤੇ ਦੀ ਹਮਾਇਤ ਕਰਦੇ ਹਨ। ਇਸ 'ਤੇ  ਵੱਖ-ਵੱਖ ਪਾਰਟੀਆਂ ਦੇ 50 ਤੋਂ ਵੱਧ ਮੈਂਬਰ ਮਤੇ ਦੇ ਹੱਕ ਵਿਚ ਖੜ੍ਹੇ ਹੋ ਗਏ।  ਸੁਮਿੱਤਰਾ ਨੇ ਕਿਹਾ ਕਿ ਕਿਉਂਕਿ ਖੜ੍ਹੇ ਹੋਏ ਮੈਂਬਰਾਂ ਦੀ ਗਿਣਤੀ 50 ਤੋਂ ਵੱਧ ਹੈ, ਇਸ ਲਈ ਉਹ ਮਤੇ ਨੂੰ ਚਰਚਾ ਲਈ ਪ੍ਰਵਾਨ ਕਰਦੀ ਹੈ।
ਹਾਊਸ ਵਿਚ ਕਾਂਗਰਸ ਦੇ ਨੇਤਾ ਖੜਗੇ ਨੇ ਨਾਰਾਜ਼ਗੀ ਪ੍ਰਗਟਾਈ ਕਿ ਸਪੀਕਰ ਨੇ ਉਨ੍ਹਾਂ ਨੂੰ ਪ੍ਰਸਤਾਵ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ। ਖੜਗੇ ਨੇ ਕਿਹਾ ਕਿ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੋਣ ਦੇ ਨਾਤੇ ਉਨ੍ਹਾਂ ਵਲੋਂ ਦਿੱਤੇ ਗਏ ਪ੍ਰਸਤਾਵ ਨੂੰ ਪੇਸ਼ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਸੀ। ਇਸ 'ਤੇ ਮਹਾਜਨ ਨੇ ਕਿਹਾ ਕਿ ਸ਼੍ਰੀਨਿਵਾਸ ਨੇ ਸਭ ਤੋਂ ਪਹਿਲਾਂ ਮਤੇ ਦਾ ਨੋਟਿਸ ਦਿੱਤਾ ਸੀ, ਇਸ ਲਈ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਮਤਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ। ਇਸ ਵਿਚ ਛੋਟੀ ਜਾਂ ਵੱਡੀ ਪਾਰਟੀ ਦਾ ਕੋਈ ਸਵਾਲ ਨਹੀਂ। 
ਭੋਜਨਕਾਲ ਪਿੱਛੋਂ ਸਪੀਕਰ ਨੇ ਜਦੋਂ ਹਾਊਸ ਨੂੰ ਸੂਚਿਤ ਕੀਤਾ ਕਿ ਮਤੇ 'ਤੇ ਚਰਚਾ 20 ਜੁਲਾਈ ਨੂੰ ਹੋਵੇਗੀ ਤਾਂ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਕਿਹਾ ਕਿ 21 ਜੁਲਾਈ ਨੂੰ ਸਾਡੀ ਪਾਰਟੀ ਪੱਛਮੀ ਬੰਗਾਲ ਵਿਚ ਹਰ ਸਾਲ ਸ਼ਹੀਦ ਦਿਵਸ ਮਨਾਉਂਦੀ ਹੈ। ਇਸ ਲਈ ਸਾਡੀ ਪਾਰਟੀ ਦੇ ਮੈਂਬਰ 20 ਜੁਲਾਈ ਨੂੰ ਹਾਊਸ ਵਿਚ ਹਾਜ਼ਰ ਨਹੀਂ ਹੋ ਸਕਣਗੇ। ਪਾਰਟੀ ਦੇ ਇਕ ਮੈਂਬਰ ਦਿਨੇਸ਼ ਤ੍ਰਿਵੇਦੀ ਨੇ ਸਪੀਕਰ ਨੂੰ ਬੇਨਤੀ ਕੀਤੀ ਕਿ ਮਤੇ 'ਤੇ ਚਰਚਾ ਸੋਮਵਾਰ ਕਰਵਾਈ ਜਾਏ। ਖੜਗੇ ਨੇ ਵੀ ਦਿਨੇਸ਼ ਦੀ ਗੱਲ ਦੀ ਹਮਾਇਤ ਕੀਤੀ ਪਰ ਸਪੀਕਰ ਨੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਆਪਣਾ ਫੈਸਲਾ ਦੇ ਦਿੱਤਾ ਹੈ, ਜਿਸ ਵਿਚ ਕੋਈ ਤਬਦੀਲੀ ਨਹੀਂ ਹੋ ਸਕਦੀ। ਇਸ 'ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਹਾਊਸ ਵਿਚੋਂ ਵਾਕਆਊਟ ਕਰ ਗਏ।
ਬੇਭਰੋਸਗੀ ਮਤੇ ਦਾ ਰਾਜਗ ਗਲਾ ਘੁੱਟ ਦੇਵੇਗਾ : ਅਨੰਤ ਕੁਮਾਰ—ਸੰਸਦੀ ਮਾਮਲਿਆਂ ਬਾਰੇ ਮੰਤਰੀ ਅਨੰਤ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜਗ ਵਲੋਂ ਇਸ ਬੇਭਰੋਸਗੀ ਮਤੇ ਦਾ ਗਲਾ ਘੁੱਟ ਦਿੱਤਾ ਜਾਏਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵਲੋਂ ਲਿਆਂਦਾ ਗਿਆ ਬੇਭਰੋਸਗੀ ਮਤਾ ਬਿਲਕੁਲ ਬੇਲੋੜਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਇਕਜੁੱਟ ਰਾਜਗ ਇਸ ਦਾ ਮੂੰਹ ਤੋੜ ਜਵਾਬ ਦੇਵੇਗਾ। 
ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਲਿਆਉਣ ਦਾ ਪੂਰਾ ਹੱਕ ਹੈ ਪਰ ਇਹ ਇਸ ਲਈ ਢੁੱਕਵਾਂ ਸਮਾਂ ਨਹੀਂ। ਵਿਰੋਧੀ ਧਿਰ ਇਸ ਦੇ ਬਹਾਨੇ ਬਿਨਾਂ ਕਾਰਨ ਵੱਖ-ਵੱਖ ਮੁੱਦੇ ਉਠਾਉਣਾ ਚਾਹੁੰਦੀ ਹੈ। ਸਰਕਾਰ ਨੂੰ 100 ਫੀਸਦੀ ਭਰੋਸਾ ਹੈ ਕਿ ਉਹ ਭਾਰੀ ਬਹੁਮਤ ਨਾਲ ਜਿੱਤ ਹਾਸਲ ਕਰੇਗੀ।
ਕੌਣ ਕਹਿੰਦਾ ਹੈ ਸਾਡੇ ਕੋਲ ਨੰਬਰ ਨਹੀਂ?: ਸੋਨੀਆ—ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਵਿਰੁੱਧ ਮੋਰਚਾਬੰਦੀ ਦੇ ਪੂਰੇ ਸੰਕੇਤ ਦਿੱਤੇ ਹਨ। ਨੰਬਰਾਂ ਦੇ ਜ਼ੋਰ 'ਤੇ ਭਾਵੇਂ ਸਰਕਾਰ ਭਰੋਸੇ ਵਿਚ ਨਜ਼ਰ ਆ ਰਹੀ ਹੈ ਪਰ ਸੋਨੀਆ ਨੇ ਸਰਕਾਰ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਬਹੁਮਤ ਦੇ ਸਵਾਲ 'ਤੇ ਸੋਨੀਆ ਨੇ ਕਿਹਾ ਕਿ ਕੌਣ ਕਹਿੰਦਾ ਹੈ ਕਿ ਯੂ. ਪੀ. ਏ. ਕੋਲ ਨੰਬਰ ਨਹੀਂ ਹਨ?
ਭਾਜਪਾ ਸਰਕਾਰ ਨੂੰ ਕੋਈ ਖਤਰਾ ਨਹੀਂ: ਨੰਬਰ ਗੇਮ ਦੇ ਮਾਮਲੇ ਵਿਚ ਭਾਜਪਾ ਦੀ ਅਗਵਾਈ ਵਾਲੀ ਰਾਜਗ ਸਰਕਾਰ ਨੂੰ ਕੋਈ ਖਤਰਾ ਨਹੀਂ। ਨਰਿੰਦਰ ਮੋਦੀ ਸਰਕਾਰ ਕੋਲ ਐੱਨ. ਡੀ. ਏ. ਦੀਆਂ ਸਭ ਸਹਿਯੋਗੀ ਪਾਰਟੀਆਂ ਨੂੰ ਮਿਲਾ ਕੇ ਲੋਕ ਸਭਾ ਵਿਚ 312 ਮੈਂਬਰ ਹਨ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਹਰ ਮੁੱਦੇ 'ਤੇ ਚਰਚਾ ਲਈ ਤਿਆਰ ਹੈ।
ਸੰਸਦ ਦੀ ਇਕ ਮਿੰਟ ਦੀ ਕਾਰਵਾਈ 'ਤੇ ਖਰਚ ਹੁੰਦੇ ਹਨ ਢਾਈ ਲੱਖ ਰੁਪਏ : ਸੰਸਦ ਦੀ ਇਕ ਮਿੰਟ ਦੀ ਕਾਰਵਾਈ 'ਤੇ ਘੱਟੋ-ਘੱਟ ਢਾਈ ਲੱਖ ਰੁਪਏ ਖਰਚ ਹੁੰਦੇ ਹਨ। ਇਕ ਘੰਟੇ ਦਾ ਖਰਚ ਡੇਢ ਕਰੋੜ ਰੁਪਏ ਦੇ ਲਗਭਗ ਹੈ। ਸੰਸਦ ਦੇ ਸਾਲ ਵਿਚ 3 ਸੈਸ਼ਨ ਹੁੰਦੇ ਹਨ।
ਭਾਜਪਾ ਨੇ ਸੰਸਦ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ
ਭਾਜਪਾ ਨੇ ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਲਈ 3 ਲਾਈਨਾਂ ਦਾ ਵ੍ਹਿਪ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਬੇਭਰੋਸਗੀ ਮਤੇ ਵਾਲੇ ਦਿਨ ਸਭ ਸੰਸਦ ਮੈਂਬਰ ਹਾਊਸ ਵਿਚ ਹਰ ਹਾਲਤ ਵਿਚ ਹਾਜ਼ਰ ਰਹਿਣ। ਗੈਰ-ਹਾਜ਼ਰ ਰਹਿਣ ਵਾਲੇ ਸੰਸਦ ਮੈਂਬਰ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਭਾਜਪਾ ਨੇ ਰਾਜਗ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੀ ਆਪਣੇ ਸੰਸਦ ਮੈਂਬਰਾਂ ਲਈ ਅਜਿਹਾ ਵ੍ਹਿਪ ਜਾਰੀ ਕਰਨ ਦੀ ਬੇਨਤੀ ਕੀਤੀ ਹੈ।
ਸਰਕਾਰ ਦੇ ਝੂਠ ਨੂੰ ਕਰਾਂਗੇ ਬੇਨਕਾਬ : ਸਪਾ
ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਰਾਮ ਗੋਪਾਲ ਯਾਦਵ ਨੇ ਕਿਹਾ ਹੈ ਕਿ ਭਾਵੇਂ ਵਿਰੋਧੀ ਪਾਰਟੀਆਂ ਕੋਲ ਨੰਬਰ ਨਹੀਂ ਹਨ ਪਰ ਸਾਡੀ ਪਾਰਟੀ ਅਤੇ ਹੋਰ ਵਿਰੋਧੀ ਪਾਰਟੀਆਂ ਸਰਕਾਰ ਦੇ ਝੂਠ ਨੂੰ ਉਜਾਗਰ ਕਰਨਗੀਆਂ। ਸਾਡੇ ਕੋਲ ਅਜਿਹੇ ਨੇਤਾ ਹਨ, ਜੋ ਦੱਸਣਗੇ ਕਿ ਸਰਕਾਰ ਕਿਵੇਂ ਦੇਸ਼ ਨੂੰ ਬੇਵਕੂਫ ਬਣਾ ਰਹੀ ਹੈ।
ਤੇਲਗੂ ਦੇਸ਼ਮ ਪਾਰਟੀ ਵੱਲੋਂ ਹੰਗਾਮਾ, ਰਾਜ ਸਭਾ ਦੀ ਕਾਰਵਾਈ 20 ਮਿੰਟ ਤੱਕ ਮੁਲਤਵੀ
ਉਧਰ ਰਾਜ ਸਭਾ 'ਚ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰਾਂ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦਿੱਤੇ ਜਾਣ ਦੀ ਮੰਗ 'ਤੇ ਚਰਚਾ ਲਈ ਜ਼ੋਰ ਪਾਇਆ। ਸਿਫਰਕਾਲ ਦੌਰਾਨ ਹਾਊਸ ਦੀ ਕਾਰਵਾਈ ਨੂੰ 20 ਮਿੰਟ ਤੱਕ ਮੁਲਤਵੀ ਕਰਨਾ ਪਿਆ। ਬੈਠਕ ਸ਼ੁਰੂ ਹੋਣ 'ਤੇ ਪਾਰਟੀ ਮੈਂਬਰ ਆਪਣੀ ਮੰਗ 'ਤੇ ਅੜੇ ਰਹੇ। ਇਸ ਕਾਰਨ ਚੇਅਰਮੈਨ ਨੇ 11 ਵਜ ਕੇ 40 ਮਿੰਟ 'ਤੇ ਬੈਠਕ ਨੂੰ ਮੁਲਤਵੀ ਕਰ ਦਿੱਤਾ। 12 ਵਜੇ ਜਦੋਂ ਬੈਠਕ ਮੁੜ ਸ਼ੁਰੂ ਹੋਈ ਤਾਂ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਮੁੜ ਆਪਣੀ ਮੰਗ ਉਠਾਉਣ ਲੱਗ ਪਏ ਪਰ ਬਾਅਦ ਵਿਚ ਉਹ ਸ਼ਾਂਤ ਹੋ ਕੇ ਬੈਠ ਗਏ।