ਲੋਕ ਸਭਾ ''ਚ ਦੇਸ਼ ਭਰ ਦੀਆਂ ਪੰਚਾਇਤਾਂ ''ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਦੀ ਚਰਚਾ

07/16/2019 1:32:55 PM

ਨਵੀਂ ਦਿੱਲੀ (ਭਾਸ਼ਾ)— ਲੋਕ ਸਭਾ ਵਿਚ ਅੱਜ ਯਾਨੀ ਕਿ ਮੰਗਲਵਾਰ ਨੂੰ ਦੇਸ਼ ਦੀਆਂ ਪੰਚਾਇਤਾਂ 'ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਬਾਰੇ ਚਰਚਾ ਕੀਤੀ ਜਾ ਰਹੀ ਹੈ। ਕੇਂਦਰੀ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪੂਰੇ ਦੇਸ਼ ਦੀਆਂ ਪੰਚਾਇਤਾਂ 'ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਕਰਨ 'ਤੇ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਲੋਕ ਸਭਾ ਵਿਚ ਪਿਨਾਕੀ ਮਿਸ਼ਰਾ, ਅਧੀਰ ਰੰਜਨ ਚੌਧਰੀ, ਸੁਨੀਲ ਕੁਮਾਰ ਪਿੰਟੂ ਅਤੇ ਕੁਝ ਹੋਰ ਮੈਂਬਰਾਂ ਦੇ ਪੂਰਕ ਪ੍ਰਸ਼ਨਾਂ ਦੇ ਉੱਤਰ ਤੋਮਰ ਨੇ ਦਿੱਤੇ। ਤੋਮਰ ਨੇ ਕਿਹਾ ਕਿ ਦੇਸ਼ ਭਰ ਦੀਆਂ ਪੰਚਾਇਤਾਂ ਵਿਚ 31 ਲੱਖ ਤੋਂ ਵਧ ਜਨਪ੍ਰਤੀਨਿਧੀ ਹਨ ਅਤੇ ਇਨ੍ਹਾਂ 'ਚ 46 ਫੀਸਦੀ ਜਨਪ੍ਰਤੀਨਿਧੀ ਔਰਤਾਂ ਹਨ। ਉਨ੍ਹਾਂ ਨੇ ਕਿਹਾ ਕਿ ਅਜੇ ਬਿਹਾਰ, ਓਡੀਸ਼ਾ ਅਤੇ ਮੱਧ ਪ੍ਰਦੇਸ਼ ਸਮੇਤ 20 ਸੂਬਿਆਂ ਦੀਆਂ ਪੰਚਾਇਤਾਂ 'ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਦੀ ਵਿਵਸਥਾ ਹੈ। ਪੂਰੇ ਦੇਸ਼ 'ਚ 50 ਫੀਸਦੀ ਰਿਜ਼ਰਵੇਸ਼ਨ ਬਾਰੇ ਚਰਚਾ ਚੱਲ ਰਹੀ ਹੈ। 

ਦਰਅਸਲ ਬੀਜੂ ਜਨਤਾ ਦਲ ਦੇ ਪਿਨਾਕੀ ਮਿਸ਼ਰਾ ਨੇ ਓਡੀਸ਼ਾ ਦੀਆਂ ਪੰਚਾਇਤਾਂ 'ਚ ਔਰਤਾਂ ਲਈ 50 ਫੀਸਦੀ ਰਿਜ਼ਰਵੇਸ਼ਨ ਦਾ ਹਵਾਲਾ ਦਿੰਦੇ ਹੋਏ ਦੇਸ਼ ਭਰ ਦੀਆਂ ਪੰਚਾਇਤਾਂ 'ਚ ਔਰਤਾਂ ਲਈ ਰਿਜ਼ਰਵੇਸ਼ਨ ਦਾ ਦਾਇਰਾ ਵਧਾ ਕੇ 50 ਫੀਸਦੀ ਕਰਨ ਦੀ ਮੰਗ ਕੀਤੀ ਸੀ। ਇਕ ਹੋਰ ਸਵਾਲ ਦੇ ਜਵਾਬ ਵਿਚ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਪੰਚਾਇਤਾਂ 'ਚ ਭ੍ਰਿਸ਼ਟਾਚਾਰ 'ਤੇ ਰੋਕ ਲੱਗ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਉਪਯੋਗ ਸਰਟੀਫਿਕੇਟ ਨਹੀਂ ਮਿਲ ਜਾਂਦਾ ਹੈ, ਉਦੋਂ ਤਕ ਪੰਚਾਇਤਾਂ ਲਈ ਪੈਸਾ ਨਹੀਂ ਜਾਰੀ ਕੀਤਾ ਜਾਂਦਾ ਹੈ।

 

Tanu

This news is Content Editor Tanu