ਜਦੋਂ 10 ਸਾਲਾਂ ''ਚ 5 ਵਾਰ ਹੋਈਆਂ ਆਮ ਚੋਣਾਂ, ਬਣੇ 6 ਪ੍ਰਧਾਨ ਮੰਤਰੀ

03/12/2019 11:36:31 AM

ਨਵੀਂ ਦਿੱਲੀ— ਦੇਸ਼ 'ਚ ਉਂਝ ਤਾਂ ਆਮ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਹਨ ਪਰ ਇਕ ਅਜਿਹਾ ਦੌਰ ਵੀ ਆਇਆ ਸੀ, ਜਦੋਂ 10 ਸਾਲਾਂ 'ਚ ਲੋਕ ਸਭਾ ਦੀਆਂ 5 ਵਾਰ ਚੋਣਾਂ ਹੋਈਆਂ ਅਤੇ 6 ਪ੍ਰਧਾਨ ਮੰਤਰੀ ਬਣੇ। ਸਾਲ 1989 ਤੋਂ 1999 ਤੱਕ 10 ਸਾਲਾਂ ਦੌਰਾਨ 5 ਵਾਰ ਲੋਕ ਸਭਾ ਚੋਣਾਂ ਹੋਈਆਂ। ਇਸ ਦੌਰਾਨ ਸਿਰਫ ਇਕ ਵਾਰ ਹੀ ਲੋਕ ਸਭਾ 5 ਸਾਲ ਦਾ ਆਪਣਾ ਤੈਅ ਕਾਰਜਕਾਲ ਪੂਰਾ ਕਰ ਸਕੀ। 2 ਵਾਰ 2-2 ਸਾਲ 'ਚ ਚੋਣਾਂ ਕਰਵਾਈਆਂ ਗਈਆਂ, ਜਦੋਂ ਕਿ ਇਕ ਵਾਰ ਤਾਂ ਕਰੀਬ ਇਕ ਸਾਲ ਬਾਅਦ ਹੀ ਚੋਣਾਂ ਕਰਵਾਉਣੀਆਂ ਪਈਆਂ। ਇਸ ਮਿਆਦ ਦੀ ਇਕ ਖਾਸ ਗੱਲ ਇਹ ਵੀ ਰਹੀ ਕਿ ਇਕ ਘੱਟ ਗਿਣਤੀ ਸਰਕਾਰ ਪੂਰੇ 5 ਸਾਲਾਂ ਤੱਕ ਚੱਲੀ।
 

ਸਿਆਸੀ ਅਸਥਿਰਤਾ ਦਾ ਦੌਰ 1989 'ਚ ਹੋਇਆ ਸ਼ੁਰੂ
ਸਿਆਸੀ ਅਸਥਿਰਤਾ ਦਾ ਇਹ ਦੌਰ 1989 ਦੀਆਂ ਚੋਣਾਂ ਤੋਂ ਸ਼ੁਰੂ ਹੋਇਆ। ਇਸ ਤੋਂ 5 ਸਾਲ ਪਹਿਲਾਂ ਹੋਈਆਂ ਚੋਣਾਂ 'ਚ 400 ਤੋਂ ਵਧ ਸੀਟਾਂ ਜਿੱਤਣ ਵਾਲੀ ਕਾਂਗਰਸ 197 ਸੀਟਾਂ ਹੀ ਹਾਸਲ ਕਰ ਸਕੀ। ਨਵੇਂ-ਨਵੇਂ ਬਣੇ ਜਨਤਾ ਦਲ ਦੇ ਵਿਸ਼ਵਨਾਥ ਪ੍ਰਤਾਪ ਸਿੰਘ ਦੀ ਅਗਵਾਈ 'ਚ ਰਾਸ਼ਟਰੀ ਮੋਰਚਾ ਸਰਕਾਰ ਬਣੀ। ਭਾਜਪਾ ਅਤੇ ਖੱਬੇ ਪੱਖੀ ਦਲਾਂ ਨੇ ਇਸ ਸਰਕਾਰ ਨੂੰ ਬਾਹਰੋਂ ਸਮਰਥਨ ਦਿੱਤਾ ਸੀ। ਇਕ ਸਾਲ ਦੇ ਅੰਦਰ ਹੀ ਜਨਤਾ ਦਲ 'ਚ ਫੁੱਟ ਪੈ ਗਈ ਅਤੇ ਉਸ ਤੋਂ ਵੱਖ ਹੋਏ ਚੰਦਰਸ਼ੇਖਰ ਕਾਂਗਰਸ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ ਪਰ ਉਨ੍ਹਾਂ ਦੀ ਸਰਕਾਰ ਜ਼ਿਆਦਾ ਨਹੀਂ ਚੱਲ ਸਕੀ ਅਤੇ 1991 'ਚ ਲੋਕ ਸਭਾ ਦੀਆਂ ਚੋਣਾਂ ਕਰਵਾਈਆਂ ਗਈਆਂ। ਇਨ੍ਹਾਂ ਚੋਣਾਂ ਦਰਮਿਆਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ। ਕਾਂਗਰਸ ਇਕ ਵਾਰ ਫਿਰ ਬਹੁਮਤ ਹਾਸਲ ਨਹੀਂ ਕਰ ਸਕੀ। ਉਸ ਨੂੰ 232 ਸੀਟਾਂ ਮਿਲੀਆਂ ਅਤੇ ਪੀ.ਵੀ. ਨਰਸਿੰਘਰਾਵ ਦੀ ਅਗਵਾਈ 'ਚ ਉਸ ਨੇ ਕੇਂਦਰ 'ਚ ਘੱਟ ਗਿਣਤੀ ਸਰਕਾਰ ਬਣਾਈ ਜੋ ਪੂਰੇ 5 ਸਾਲ ਚੱਲੀ।
 

13 ਦਿਨ ਹੀ ਚੱਲ ਸਕੀ ਅਟਲ ਬਿਹਾਰੀ ਦੀ ਸਰਕਾਰ 
ਸ਼੍ਰੀ ਰਾਵ ਲੋਕ ਸਭਾ 'ਚ ਬਹੁਮਤ ਨਾ ਹੋਣ ਦੇ ਬਾਵਜੂਦ ਪੂਰੇ 5 ਸਾਲ ਸਰਕਾਰ ਚਲਾਉਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਰਹੇ। ਸਾਲ 1996 'ਚ ਹੋਈਆਂ ਆਮ ਚੋਣਾਂ 'ਚ ਇਕ ਵਾਰ ਫਿਰ ਕਿਸੇ ਵੀ ਦਲ ਨੂੰ ਲੋਕ ਸਭਾ 'ਚ ਸਪੱਸ਼ਟ ਬਹੁਮਤ ਨਹੀਂ ਮਿਲਿਆ। ਭਾਜਪਾ 161 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰੀ ਅਤੇ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ 'ਚ ਉਸ ਨੇ ਪਹਿਲੀ ਵਾਰ ਕੇਂਦਰ 'ਚ ਸਰਕਾਰ ਬਣਾਈ ਪਰ ਇਹ ਸਰਕਾਰ ਸਿਰਫ 13 ਦਿਨ ਹੀ ਚੱਲ ਸਕੀ। ਦੂਜੀ ਸਭ ਤੋਂ ਵੱਡੀ ਪਾਰਟੀ ਕਾਂਗਰਸ ਨੇ ਸਰਕਾਰ ਬਣਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਜਨਤਾ ਦਲ ਨੂੰ ਸਰਕਾਰ ਬਣਾਉਣ 'ਚ ਬਾਹਰੋਂ ਸਮਰਥਨ ਦਿੱਤਾ। ਪਹਿਲਾਂ ਐੱਚ.ਡੀ. ਦੇਵਗੌੜਾ ਦੀ ਅਗਵਾਈ 'ਚ ਸਰਕਾਰ ਬਣੀ ਜੋ ਮੁਸ਼ਕਲ ਨਾਲ ਇਕ ਸਾਲ ਚੱਲੀ। ਇਸ ਤੋਂ ਬਾਅਦ ਇੰਦਰ ਕੁਮਾਰ ਗੁਜਰਾਲ ਪ੍ਰਧਾਨ ਮੰਤਰੀ ਬਣੇ ਪਰ ਉਨ੍ਹਾਂ ਦੀ ਸਰਕਾਰ ਵੀ ਇਕ ਸਾਲ ਤੋਂ ਵਧ ਨਹੀਂ ਚੱਲ ਸਕੀ। ਦੇਸ਼ 'ਚ ਫਿਰ ਤੋਂ ਆਮ ਚੋਣਾਂ ਕਰਵਾਉਣੀਆਂ ਪਈਆਂ।
 

5 ਸਾਲ ਦਾ ਕਾਰਜਕਾਲ ਪੂਰਾ ਕਰਨ ਵਾਲੀ ਪਹਿਲੀ ਸਾਂਝੀ ਸਰਕਾਰ ਬਣੀ
ਸਾਲ 1998 'ਚ ਹੋਈਆਂ ਚੋਣਾਂ 'ਚ ਭਾਜਪਾ ਇਕ ਵਾਰ ਫਿਰ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉੱਭਰੀ ਅਤੇ ਅਟਲ ਬਿਹਾਰੀ ਵਾਜਪੇਈ ਨੇ 13 ਦਲਾਂ ਦੇ ਸਮਰਥਨ ਨਾਲ ਸਾਂਝੀ ਸਰਕਾਰ ਬਣਾਈ। ਉਨ੍ਹਾਂ ਦੀ ਸਰਕਾਰ 13 ਮਹੀਨੇ ਹੀ ਚੱਲ ਸਕੀ। ਅੰਨਾਦਰਮੁਕ ਦੇ ਸਮਰਥਨ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਲੋਕ ਸਭਾ 'ਚ ਇਕ ਮਤ (ਵੋਟ) ਤੋਂ ਡਿੱਗ ਗਈ। ਦੇਸ਼ 'ਚ 1999 'ਚ ਫਿਰ ਤੋਂ ਚੋਣਾਂ ਹੋਈਆਂ। ਇਸ ਵਾਰ ਵੀ ਕਿਸੇ ਵੀ ਦਲ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ ਪਰ ਇਨ੍ਹਾਂ ਚੋਣਾਂ ਨਾਲ ਦੇਸ਼ 'ਚ ਸਥਿਰ ਸਾਂਝੀ ਸਰਕਾਰ ਦਾ ਦੌਰ ਸ਼ੁਰੂ ਹੋਇਆ। ਅਟਲ ਬਿਹਾਰੀ ਵਾਜਪੇਈ ਫਿਰ ਤੋਂ ਪ੍ਰਧਾਨ ਮੰਤਰੀ ਬਣੇ ਅਤੇ ਭਾਜਪਾ ਦੀ ਅਗਵਾਈ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੀ ਸਰਕਾਰ ਬਣੀ। ਇਸ ਨੇ 5 ਸਾਲ ਦਾ ਕਾਰਜਕਾਲ ਪੂਰਾ ਕੀਤਾ ਅਤੇ ਅਜਿਹਾ ਕਰਨ ਵਾਲੀ ਉਹ ਦੇਸ਼ ਦੀ ਪਹਿਲੀ ਸਾਂਝੀ ਸਰਕਾਰ ਬਣੀ।

DIsha

This news is Content Editor DIsha