12 ਮਈ ਨੂੰ ਜਨਮੇ ਵੋਟਰਾਂ ਨੂੰ ਵੋਟ ਪਾਉਣ 'ਤੇ ਬਣਾਇਆ ਜਾਵੇਗਾ ਬ੍ਰਾਂਡ ਅੰਬੈਸਡਰ

04/18/2019 4:35:20 PM

ਨਵੀਂ ਦਿੱਲੀ/ਚੰਡੀਗੜ—ਸੂਬੇ ਦੇ ਮੁੱਖ ਚੋਣ ਅਧਿਕਾਰੀ ਰਾਜੀਵ ਰੰਜਨ ਨੇ ਕਿਹਾ ਹੈ ਕਿ ਹਰਿਆਣਾ 'ਚ ਜਿਨ੍ਹਾਂ ਵੋਟਰਾਂ ਦਾ ਜਨਮ ਦਿਨ 12 ਮਈ ਨੂੰ ਲੋਕ ਸਭਾ ਵੋਟਾਂ ਵਾਲੇ ਦਿਨ ਆਉਂਦਾ ਹੈ ਅਤੇ ਉਹ ਆਪਣੀ ਵੋਟ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਬ੍ਰਾਂਡ ਅੰਬੈਸਡਰ ਬਣਾਇਆ ਜਾਵੇਗਾ।

ਸ਼੍ਰੀ ਰੰਜਨ ਨੇ ਕਿਹਾ ਹੈ ਕਿ ਕੁਝ ਅਜਿਹੇ ਵੋਟਰਾਂ ਦੇ ਲਈ ਵਿਸ਼ੇਸ਼ ਸਰਪ੍ਰਾਈਜ਼ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹੇ ਵੋਟਰਾਂ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਉਨ੍ਹਾਂ ਦਾ ਜਨਮ ਦਿਨ ਅਜਿਹੇ ਦਿਨ ਆ ਰਿਹਾ ਹੈ ਜਿਸ ਦਿਨ ਲੱਖਾਂ-ਕਰੋੜਾਂ ਲੋਕ ਲਾਈਨਾਂ 'ਚ ਲੱਗ ਕੇ ਲੋਕਤੰਤਰ ਦੇ ਸਭ ਤੋਂ ਵੱਡੇ ਉਤਸ਼ਵ 'ਚ ਭਾਗ ਲੈਣਗੇ। ਉਨ੍ਹਾਂ ਨੇ ਕਿਹਾ ਹੈ ਕਿ ਪੂਰੇ ਸੂਬੇ 'ਚ 20,428 ਵੋਟਰ ਹਨ ਜਿਨ੍ਹਾਂ ਦਾ ਜਨਮ 12 ਮਈ ਨੂੰ ਹੈ। ਉਨ੍ਹਾਂ ਨੇ ਦੱਸਿਆ ਕਿ ਵੋਟ ਪਾਉਣ ਤੋਂ ਬਾਅਦ ਉਂਗਲੀ 'ਤੇ ਸਿਆਹੀ ਦੇ ਨਿਸ਼ਾਨ ਨਾਲ ਸੈਲਫੀ ਲੈ ਕੇ ਅਜਿਹੇ ਵੋਟਰ ਆਪਣਾ ਜਨਮਦਿਨ ਯਾਦਗਾਰ ਬਣਾ ਸਕਦੇ ਹਨ। 

ਸ਼੍ਰੀ ਰੰਜਨ ਨੇ ਦੱਸਿਆ ਹੈ ਕਿ ਇਸ ਤੋਂ ਪਹਿਲਾਂ ਵੀ ਹਰਿਆਣਾ ਦੇ 2,375 ਅਜਿਹੇ ਵੋਟਰ ਹਨ, ਜਿਨ੍ਹਾਂ ਦਾ ਜਨਮਦਿਨ ਇੱਕ ਜਨਵਰੀ 2001 ਨੂੰ ਸੀ ਅਤੇ ਪਹਿਲੀ ਵਾਰ ਨੌਜਵਾਨ ਵੋਟਰ ਬਣੇ ਸੀ। ਉਨ੍ਹਾਂ ਨੂੰ ਵੀ ਜ਼ਿਲਾ ਪੱਧਰ 'ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਆਦਰਸ਼ ਵੋਟ ਪਾਉਣ ਦੀ ਸਹੁੰ ਚੁਕਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਨਵੇਂ ਵੋਟਰ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਨਵੇਂ ਵੋਟਰ ਦੇ ਲਈ ਪਿਛਲੇ 13 ਅਪ੍ਰੈਲ ਤੱਕ ਜਮਾ ਕਰਵਾਈਆਂ ਐਪਲੀਕੇਸ਼ਨਾਂ ਨੂੰ 23 ਅਪ੍ਰੈਲ ਤੱਕ ਸੋਧ ਕਰ ਕੇ ਨਵੀਂ ਵੋਟਰ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਤੰਤਰ ਦੀ ਮਜ਼ਬੂਤੀ ਲਈ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਵੋਟ ਦੀ ਵਰਤੋਂ ਜ਼ਰੂਰ ਕਰਨਗੇ। ਇਹ ਉਨ੍ਹਾਂ ਦਾ ਸਭ ਤੋਂ ਵੱਡਾ ਅਧਿਕਾਰ ਹੈ। 

ਸ਼੍ਰੀ ਰੰਜਨ ਅਨੁਸਾਰ ਇਸ ਵਾਰ ਹਰਿਆਣਾ 'ਚ 11 ਅਤੇ 12 ਮਈ 2019 ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ 'ਚ ਸੰਸਦੀ ਚੋਣ ਦੀ ਪ੍ਰਕਿਰਿਆ ਨੂੰ ਦੇਖਣ ਅਤੇ ਸਮਝਾਉਣ ਲਈ 26 ਦੇਸ਼ਾਂ ਅਤੇ 4 ਅੰਤਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀ ਗੁਰੂਗ੍ਰਾਮ ਅਤੇ ਫਰੀਦਾਬਾਦ ਦੇ ਦੋ ਦਿਨਾਂ ਦੌਰੇ 'ਤੇ ਆਉਣਗੇ।

Iqbalkaur

This news is Content Editor Iqbalkaur