ਟਿੱਡੀ ਦਲ ਦੇ ਹਮਲੇ ਨੇ ਕਿਸਾਨਾਂ ਦੇ ਨੱਕ 'ਚ ਕੀਤਾ ਦਮ, ਸਰਹੱਦਾਂ 'ਤੇ ਵਧੀ ਚੌਕਸੀ

05/28/2020 2:40:00 PM

ਮਿਰਜ਼ਾਪੁਰ (ਵਾਰਤਾ)— ਉੱਤਰ ਪ੍ਰਦੇਸ਼ 'ਚ ਮਿਰਜ਼ਾਪੁਰ ਦੇ ਗੁਆਂਢੀ ਜ਼ਿਲ੍ਹੇ ਸੋਨਭੱਦਰ 'ਚ ਆਤੰਕੀ ਟਿੱਡੀ ਦਲ ਪਹੁੰਚਣ ਤੋਂ ਬਾਅਦ ਕਿਸਾਨਾਂ 'ਚ ਚਿੰਤਾ ਵੱਧ ਗਈ ਹੈ। ਡਿਪਟੀ ਡਾਇਰੈਕਟਰ ਖੇਤੀਬਾੜੀ ਡਾ. ਅਸ਼ੋਕ ਉਪਾਧਿਆਏ ਨੇ ਵੀਰਵਾਰ ਨੂੰ ਦੱਸਿਆ ਕਿ ਮਿਰਜ਼ਾਪੁਰ 'ਚ ਸੋਨਭੱਦਰ ਨਾਲ ਲੱਗਦੀ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਡੀਆਂ ਦੇ ਨੁਕਸਾਨ ਤੋਂ ਕਿਸਾਨਾਂ ਦੀ ਫਸਲ ਬਚਾਉਣ ਲਈ ਮਾਈਕ੍ਰੋ ਯੋਜਨਾ ਤਿਆਰ ਕੀਤੀ ਹੈ। ਖੇਤੀਬਾੜੀ ਮਹਿਕਮੇ ਦੇ ਸਾਰੇ ਕਾਮਿਆਂ ਨਾਲ ਲੇਖਾਕਾਰ ਤਾਇਨਾਤ ਕੀਤੇ ਗਏ ਹਨ। ਪਿੰਡ-ਪਿੰਡ 'ਚ ਟਿੱਡੀਆਂ ਤੋਂ ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਜਾ ਰਹੇ ਹਨ। ਟਿੱਡੀਆਂ ਦੇ ਹਮਲੇ ਨਾਲ ਨਜਿੱਠਣ ਲਈ ਦਮਕਲ ਮਹਿਕਮੇ ਨੂੰ ਤਿਆਰ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਨ੍ਹੇਰੀ-ਤੂਫਾਨ ਨਾਲ ਕਿਸਾਨ ਆਪਣੀਆਂ ਫਸਲਾਂ ਦੀ ਬਰਬਾਦੀ ਤੋਂ ਉੱਭਰੇ ਨਹੀਂ ਹਨ ਕਿ ਹੁਣ ਨਵੀਂ ਮੁਸੀਬਤ ਨੇ ਉਨ੍ਹਾਂ ਦੇ ਸਾਹ ਸੁੱਕਾ ਦਿੱਤੇ ਹਨ। 

ਕਿਸਾਨਾਂ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਮਹਿਕਮੇ ਨੇ ਕਮਰ ਕੱਸ ਲਈ ਹੈ। ਇਕ ਐਮਰਜੈਂਸੀ ਮਾਈਕ੍ਰੋ ਯੋਜਨਾ ਤਿਆਰ ਕੀਤੀ ਹੈ। ਡਾ. ਉਪਾਧਿਆਏ ਨੇ ਦੱਸਿਆ ਕਿ ਟਿੱਡੀਆਂ ਦੇ ਝੁੰਡ ਨੂੰ ਰੋਕਣ ਅਤੇ ਕਿਸਾਨਾਂ ਦੀ ਫਸਲ ਨੂੰ ਘੱਟ ਤੋਂ ਘੱਟ ਨੁਕਸਾਨ ਨੂੰ ਮੁੱਖ ਰੱਖਦਿਆਂ ਪੂਰੀ ਤਿਆਰੀ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੀਆਂ ਸਰੱਹਦਾਂ 'ਤੇ ਕਿਸਾਨਾਂ ਨੂੰ ਚੌਕਸ ਰਹਿਣ ਨੂੰ ਕਿਹਾ ਗਿਆ ਹੈ। ਖੇਤੀਬਾੜੀ ਮਹਿਕਮੇ ਦੇ ਸਾਰੇ ਕਾਮਿਆਂ ਨੂੰ ਇਸ ਸੰਕਟਕਾਲੀਨ  ਸਥਿਤੀ ਨਾਲ ਨਜਿੱਠਣ ਲਈ ਲਾਇਆ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਫੌਰੀ ਤੌਰ 'ਤੇ ਕਿਸਾਨਾਂ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਆਵਾਜ਼ ਕਰਨ ਅਤੇ ਕੈਮੀਕਲ ਦੇ ਛਿੜਕਾਅ ਆਦਿ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਟਿੱਡੀ ਦਲ ਦਿਨ ਵਿਚ 100 ਤੋਂ 120 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹਨ। ਰਾਤ ਨੂੰ ਆਰਾਮ ਕਰਦੇ ਹਨ, ਮਤਲਬ ਟਿੱਡੀਆਂ ਦਾ ਝੁੰਡ ਰਾਤ ਨੂੰ ਯਾਤਰਾ ਨਹੀਂ ਕਰਦਾ। ਜੇਕਰ ਸਮੇਂ 'ਤੇ ਜਾਣਕਾਰੀ ਮਿਲੇ ਤਾਂ ਉਨ੍ਹਾਂ ਨੂੰ ਰਾਤ ਨੂੰ ਮਾਰਿਆ ਜਾ ਸਕਦਾ ਹੈ। ਦਮਕਲ ਮਹਿਕਮੇ ਨੂੰ ਕੈਮੀਕਲ ਦੇ ਛਿੜਕਾਅ ਲਈ ਤਿਆਰ ਰੱਖਿਆ ਗਿਆ ਹੈ।


Tanu

Content Editor

Related News