ਪਾਕਿਸਤਾਨੀ 'ਟਿੱਡੀਆਂ' ਦੇ ਹਮਲੇ ਲਈ ਕੇਂਦਰ ਚੌਕਸ, 11 ਟੀਮਾਂ ਭੇਜੀਆਂ ਗੁਜਰਾਤ

12/26/2019 6:11:14 PM

ਵੜੋਦਰਾ (ਭਾਸ਼ਾ)— ਕੇਂਦਰ ਸਰਕਾਰ ਨੇ ਪਾਕਿਸਤਾਨ ਵਲੋਂ ਗੁਜਰਾਤ ਦੇ ਵੱਖ-ਵੱਖ ਜ਼ਿਲਿਆਂ ਵਿਚ ਟਿੱਡੀਆਂ ਦੇ ਦਾਖਲ ਹੋਣ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਮੱਸਿਆ ਨਾਲ ਨਜਿੱਠਣ ਲਈ 11 ਕੇਂਦਰੀ ਟੀਮਾਂ ਗੁਜਰਾਤ ਭੇਜੀਆਂ ਹਨ। ਇਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਥੇ ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ 'ਚ ਕਾਫੀ ਵੱਡੀ ਗਿਣਤੀ ਵਿਚ ਟਿੱਡੀਆਂ ਬਨਾਸਕਾਂਠਾ, ਮੇਹਸਾਣਾ, ਕੱਛ ਅਤੇ ਪਾਟਨ ਵਿਚ ਦਾਖਲ ਹੋ ਗਈਆਂ ਹਨ। ਉਹ ਸਰੋਂ, ਸੌਂਫ, ਜ਼ੀਰਾ, ਕਪਾਹ, ਆਲੂ ਅਤੇ ਕਣਕ ਵਰਗੀਆਂ ਫਸਲਾਂ ਨੂੰ ਨਸ਼ਟ ਕਰ ਰਹੀਆਂ ਹਨ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ 11 ਕੇਂਦਰੀ ਟੀਮਾਂ ਗੁਜਰਾਤ ਪੁੱਜੀਆਂ ਹਨ। ਉਹ ਹਮਲੇ ਨੂੰ ਰੋਕਣ ਲਈ ਕੀਟਨਾਸ਼ਕਾਂ ਦੇ ਛਿੜਕਾਅ ਸਮੇਤ ਸਾਰੇ ਜ਼ਰੂਰੀ ਕਦਮ ਚੁੱਕਣਗੀਆਂ।

ਸਮੱਸਿਆ ਦੇ ਹੱਲ ਹੋਣ ਤਕ ਇਹ ਟੀਮਾਂ ਸੂਬੇ ਵਿਚ ਰਹਿਣਗੀਆਂ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਬੁੱਧਵਾਰ ਨੂੰ ਵੜੋਦਰਾ ਦੇ ਦੌਰ ਦੌਰਾਨ ਕਿਹਾ ਸੀ ਕਿ ਟਿੱਡੀਆਂ ਦੀ ਸਮੱਸਿਆ ਨੂੰ ਰੋਕਣ ਲਈ ਕੇਂਦਰ ਵਲੋਂ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਕੀਟਨਾਸ਼ਕਾਂ ਦੇ ਛਿੜਕਾਅ ਲਈ ਡਰੋਨ ਦਾ ਇਸਤੇਮਾਲ ਕਰਨ ਦੀ ਸੰਭਾਵਨਾ ਵੀ ਤਲਾਸ਼ ਰਹੀ ਹੈ। ਓਧਰ ਸੂਬੇ ਦੇ ਖੇਤੀਬਾੜੀ ਮੰਤਰੀ ਆਰ. ਸੀ. ਫਲਦੂ ਨੇ ਕਿਹਾ ਕਿ ਟਿੱਡੀਆਂ ਦੇ ਹਮਲੇ ਤੋਂ ਪ੍ਰਭਾਵਿਤ ਹੋਈਆਂ ਫਸਲਾਂ 'ਤੇ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਇਸ ਨਾਲ ਨਜਿੱਠਣ ਲਈ ਕਈ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਵਿਚ ਖੇਤਾਂ 'ਚ ਟਾਇਰ ਸਾੜਨਾ, ਢੋਲ, ਭਾਂਡੇ ਵਜਾਉਣ ਆਦਿ ਸ਼ਾਮਲ ਹਨ।

Tanu

This news is Content Editor Tanu