ਲਾਕਡਾਊਨ : ਮੰਦਰ ''ਚ ਵਿਆਹ ਤੇ ਫਿਰ ਪੁਲਸ ਦੀ ਜਿਪਸੀ ''ਚ ਹੋਈ ਵਿਦਾਈ

04/27/2020 12:50:31 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਕਰ ਕੇ ਲਾਗੂ ਲਾਕਡਾਊਨ ਨੇ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ, ਜਿਨ੍ਹਾਂ ਦੇ ਵਿਆਹ ਇਨ੍ਹੀਂ-ਦਿਨੀਂ ਹੋਣੇ ਸਨ। ਕਈਆਂ ਨੇ ਵਿਆਹ ਦੀ ਤਰੀਕ ਅੱਗੇ ਵਧਾ ਦਿੱਤੀ ਹੈ ਪਰ ਕੁਝ ਤੈਅ ਤਰੀਕ 'ਤੇ ਵਿਆਹ ਕਰਵਾ ਕੇ ਉਸ ਨੂੰ ਹੋਰ ਯਾਦਗਾਰ ਬਣਾ ਰਹੇ ਹਨ। ਦਿੱਲੀ ਵਿਚ ਲਾਕਡਾਊਨ ਦਰਮਿਆਨ ਕੁਝ ਅਜਿਹੇ ਹੀ ਵਿਆਹ ਹੋ ਰਹੇ ਹਨ। ਅਜਿਹੇ ਹੀ ਇਕ ਵਿਆਹ ਵਿਚ ਮਹਿਮਾਨ ਦੇ ਰੂਪ 'ਚ ਦੋ ਪੁਲਸ ਮੁਲਾਜ਼ਮ ਵੀ ਸ਼ਾਮਲ ਸਨ। ਡੋਲੀ ਦੀ ਵਿਦਾਈ ਵੀ ਪੁਲਸ ਦੀ ਜਿਪਸੀ ਵਿਚ ਹੀ ਹੋਈ। ਇਸ ਵਿਆਹ 'ਚ ਦੋਹਾਂ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਸਿਰਫ ਦੋ ਪੁਲਸ ਮੁਲਾਜ਼ਮ ਸ਼ਾਮਲ ਸਨ। ਦੋਵੇਂ ਪਰਿਵਾਰ ਚਾਹੁੰਦੇ ਸਨ ਕਿ ਕਿਸੇ ਵੀ ਤਰ੍ਹਾਂ ਨਾਲ ਤੈਅ ਤਰੀਕ ਅਤੇ ਸਮੇਂ 'ਤੇ ਵਿਆਹ ਹੋ ਜਾਵੇ। ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਸੋਸ਼ਲ ਡਿਸਟੈਂਸਿੰਗ ਅਤੇ ਲਾਕਡਾਊਨ ਦਾ ਉਲੰਘਣ ਨਾ ਹੋਵੇ। ਇਸ ਲਈ ਵਿਆਹ 'ਚ ਦੋਹਾਂ ਪਰਿਵਾਰਾਂ ਦੇ ਮਾਤਾ-ਪਿਤਾ ਹੀ ਸ਼ਾਮਲ ਹੋਏ।

ਪੁਲਸ ਮੁਲਾਜ਼ਮ ਹੀ ਵਿਆਹ ਲਈ ਉਨ੍ਹਾਂ ਨੂੰ ਕਾਲਕਾਜੀ ਸਥਿਤ ਆਰੀਆ ਸਮਾਜ ਮੰਦਰ ਵਿਚ ਲੈ ਕੇ ਗਏ, ਇਨ੍ਹਾਂ ਨੂੰ ਥਾਣੇ ਤੋਂ ਹੀ ਭੇਜਿਆ ਗਿਆ ਸੀ। ਇਹ ਵਿਆਹ ਹੋਇਆ ਗੋਵਿੰਦਪੁਰੀ ਦੇ ਕੋਸ਼ਲ ਵਾਲੀਆ ਦਾ। ਕੋਰੋਨਾ ਲਾਕਡਾਊਨ ਤੋਂ ਪਹਿਲਾਂ ਤੱਕ ਜੋੜੇ ਨੇ ਫਰੀਦਾਬਾਦ ਵਿਚ ਵਿਆਹ ਦੀ ਪਲਾਨਿੰਗ ਕੀਤੀ ਸੀ ਪਰ ਫਿਰ ਅਜਿਹਾ ਨਾ ਹੋ ਸਕਿਆ। ਪਰਿਵਾਰ ਨੇ ਸੋਚਿਆ ਸੀ ਕਿ ਵਿਆਹ ਨੂੰ ਅੱਗੇ ਵਧਾਇਆ ਜਾਵੇ ਪਰ ਫਿਰ ਲੱਗਾ ਕਿ ਅਜੇ ਆਉਣ ਵਾਲੇ ਸਮੇਂ 'ਚ ਵੱਡਾ ਇਕੱਠ ਕਰਨਾ ਆਸਾਨ ਨਹੀਂ ਹੋਵੇਗਾ। ਅਜਿਹੇ ਵਿਚ ਦੋਹਾਂ ਪਰਿਵਾਰਾਂ ਨੇ ਸਾਦੇ ਤਰੀਕੇ ਨਾਲ ਵਿਆਹ ਦੀ ਪਲਾਨ ਬਣਾਇਆ। ਕੁਸ਼ਲ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਪੁਲਸ ਤੋਂ ਇਸ ਦੀ ਇਜਾਜ਼ਤ ਲਈ। ਪੁਲਸ ਨੂੰ ਸਾਫ ਕਰ ਦਿੱਤਾ ਸੀ ਕਿ ਵਿਆਹ 'ਚ ਮਾਤਾ-ਪਿਤਾ ਤੋਂ ਇਲਾਵਾ ਕੋਈ ਹੋਰ ਸ਼ਾਮਲ ਨਹੀਂ ਹੋਵੇਗਾ। ਓਧਰ ਲਾੜੀ ਪੂਜਾ ਨੇ ਕਿਹਾ ਕਿ ਇਹ ਸਭ ਕੁਝ ਅਜੀਬ ਤਾਂ ਸੀ ਪਰ ਚੰਗਾ ਲੱਗਾ। ਜੋੜੇ ਨੂੰ ਹੁਣ ਸਾਰੇ ਰਿਸ਼ਤੇਦਾਰ, ਦੋਸਤ ਵਧਾਈ ਦੇ ਰਹੇ ਹਨ। ਸਾਰਿਆਂ ਨੇ ਉਨ੍ਹਾਂ ਦੇ ਇਸ ਕਦਮ ਦੀ ਸ਼ਲਾਘਾ ਵੀ ਕੀਤੀ ਹੈ। ਓਧਰ ਜੋੜੇ ਨੇ ਇਸ ਲਈ ਪੁਲਸ ਦਾ ਧੰਨਵਾਦ ਕੀਤਾ ਹੈ।

Tanu

This news is Content Editor Tanu