ਲਾਕਡਾਊਨ : ਵਿਆਹ ਅਤੇ ਸ਼ਰਾਬ ''ਤੇ ਛੋਟ ਹੈ ਜਾਂ ਨਹੀਂ ? ਜਾਣੋ ਸਰਕਾਰ ਦੀ ਨਵੀਂ ਗਾਈਡਲਾਈਨ ''ਚ ਕੀ ਹੈ

04/15/2020 5:11:54 PM

ਨੈਸ਼ਨਲ ਡੈਸਕ- ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਕਡਾਊਨ ਦੀ ਮਿਆਦ 3 ਮਈ ਤੱਕ ਵਧਾਉਣ ਨੂੰ ਲੈ ਕੇ ਬੁੱਧਵਾਰ ਨੂੰ ਕੁਝ ਜ਼ਰੂਰੀ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਨਵੀਂ ਗਾਈਡਲਾਈਨ ਦੇ ਅਧੀਨ ਜਿੱਥੇ ਪੂਰੇ ਦੇਸ਼ 'ਚ ਰੇਲ ਅਤੇ ਹਵਾਈ ਆਵਾਜਾਈ ਦੇ ਨਾਲ-ਨਾਲ ਸਾਰੇ ਤਰਾਂ ਦੀ ਜਨਤਕ ਆਵਾਜਾਈ 'ਤੇ ਬੈਨ ਰਹੇਗਾ, ਉੱਥੇ ਹੀ ਆਮ ਲੋਕਾਂ ਦੇ ਮਨ 'ਚ ਕਈ ਸਵਾਲ ਹਨ, ਜਿਵੇਂ ਵਿਆਹਾਂ ਅਤੇ ਸ਼ਰਾਬ ਦੀ ਵਿਕਰੀ 'ਤੇ ਸਰਕਾਰ ਦੇ ਕੀ ਦਿਸ਼ਾ-ਨਿਰਦੇਸ਼ ਹਨ। ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ 'ਚ ਬਿਨਾਂ ਮਾਸਕ ਪਾਏ ਘਰੋਂ ਨਿਕਲਣ ਅਤੇ ਜਨਤਕ ਥਾਂਵਾਂ 'ਤੇ ਥੁੱਕਣ 'ਤੇ ਜ਼ੁਰਮਾਨਾ ਹੋਵੇਗਾ। ਸਰਕਾਰ ਨੇ ਇਹ ਦਿਸ਼ਾ-ਨਿਰਦੇਸ਼ ਜਨਤਕ ਥਾਂਵਾਂ ਦੇ ਅਧੀਨ ਜਾਰੀ ਕੀਤੇ ਹਨ। ਉੱਥੇ ਹੀ ਕਿਸੇ ਦੇ ਅੰਤਿਮ ਸੰਸਕਾਰ ਲੀ 20 ਤੋਂ ਵੀ ਘੱਟ ਲੋਕਾਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਗਈ।

ਸਾਰੇ ਵਿਆਹ ਦੇ ਹਾਲ, ਪੈਲੇਸ ਆਦਿ ਬੰਦ ਰੱਖਣ ਦੇ ਆਦੇਸ਼
ਦਰਅਸਲ 24 ਮਾਰਚ ਤੋਂ ਦੇਸ਼ 'ਚ ਲਾਕਡਾਊਨ ਕਾਰਨ ਕਈ ਲੋਕਾਂ ਨੂੰ ਵਿਆਹ ਟਾਲਣੇ ਪਏ ਸਨ ਅਤੇ ਕਈਆਂ ਦਾ ਇਸ ਮਹੀਨੇ ਵੀ ਵਿਆਹ ਹੈ। ਅਜਿਹੇ 'ਚ ਲਾਕਡਾਊਨ 'ਚ ਉਨਾਂ ਲੋਕਾਂ ਲਈ ਰਾਹਤ ਹੈ ਜਾਂ ਨਹੀਂ। ਤਾਂ ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਸਾਰੇ ਵਿਆਹ ਦੇ ਹਾਲ, ਪੈਲੇਸ ਆਦਿ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਯਾਨੀ ਕਿ ਹਾਲੇ ਵਿਆਹਾਂ 'ਤੇ ਸਰਕਾਰ ਵਲੋਂ ਕੋਈ ਛੂਟ ਨਹੀਂ ਮਿਲੀ ਹੈ। ਦੂਜੇ ਪਾਸੇ ਸ਼ਰਾਬ ਦੀ ਵਿਕਰੀ 'ਤੇ ਪੂਰੀ ਤਰਾਂ ਬੈਨ ਨੂੰ ਲਾਗੂ ਰੱਖਿਆ ਹੈ। ਗ੍ਰਹਿ ਮੰਤਰਾਲੇ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼ਰਾਬ, ਗੁਟਕਾ, ਤੰਬਾਕੂ ਆਦਿ 'ਤੇ ਸਖਤੀ ਨਾਲ ਪਾਬੰਦੀ ਲਾਗੂ ਰਹੇਗੀ।

ਜਾਣ ਨਵੀਂ ਗਾਈਡਲਾਈਨ 'ਚ ਕਿਸ ਨੂੰ ਛੂਟ ਹੈ ਤੇ ਕਿਸ ਨੂੰ ਨਹੀਂ
1- ਹਵਾਈ ਸਫ਼ਰ 'ਤੇ ਪੂਰੀ ਤਰਾਂ ਰੋਕ, ਬੱਸ ਸਮੇਤ ਸਾਰੇ ਪਬਲਿਕ ਟਰਾਂਸਪੋਰਟ 'ਤੇ ਰੋਕ, ਮੈਟਰੋ ਸਰਵਿਸ ਬੰਦ।
2- ਇਕ ਜ਼ਿਲੇ ਤੋਂ ਦੂਜੇ ਜ਼ਿਲੇ, ਇਕ ਸੂਬੇ ਤੋਂ ਦੂਜੇ ਸੂਬੇ ਜਾਣ 'ਤੇ ਰੋਕ। ਮੈਡੀਕਲ ਐਮਰਜੈਂਸੀ ਜਾਂ ਵਿਸ਼ੇਸ਼ ਮਨਜ਼ੂਰੀ ਹੋਵੇਗੀ। ਟੈਕਸੀ ਸਰਵਿਸ ਬੰਦ।
3- ਸਾਰੀਆਂ ਸਿੱਖਿਆ ਸੰਸਥਾਵਾਂ, ਕੋਚਿੰਗ ਸੈਂਟਰ, ਟਰੇਨਿੰਗ ਸੈਂਟਰ 3 ਮਈ ਤੱਕ ਬੰਦ। ਸਿਨੇਮਾ ਹਾਲ ਬੰਦ। ਸਾਰੇ ਧਾਰਮਿਕ ਸਥਾਨ ਬੰਦ। ਜਿਮ, ਮਾਲ, ਰਾਜਨੀਤਕ ਤੇ ਖੇਡ ਆਯੋਜਨ 'ਤੇ ਵੀ ਰੋਕ।

ਇਨਾਂ ਨੂੰ ਮਿਲੀ ਛੋਟ
1- ਐਮਰਜੈਂਸੀ ਮੌਕੇ ਚਾਰ ਪਹੀਆ ਵਾਹਨ 'ਚ ਡਰਾਈਵਰ ਤੋਂ ਇਲਾਵਾ ਇਕ ਹੀ ਵਿਅਕਤੀ ਰਹੇਗਾ। ਦੋਪਹੀਆ ਚੱਲਣ 'ਤੇ ਸਿਰਫ਼ ਡਰਾਈਵਰ ਹੀ ਜਾ ਸਕੇਗਾ। ਇਸ ਦਾ ਉਲੰਘਣ ਕਰਨ ਵਾਲੇ 'ਤੇ ਜ਼ੁਰਮਾਨਾ ਲੱਗੇਗਾ।
2- ਖੇਤੀ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਚਾਲੂ ਰਹਿਣਗੀਆਂ। ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਹਾਵਰੇਸਟਿੰਗ (ਕਟਾਈ) ਨਾਲ ਜੁੜੇ ਕੰਮ ਕਰਨ ਦੀ ਛੋਟ ਰਹੇਗੀ। ਖੇਤੀ ਯੰਤਰਾਂ ਦੀਆਂ ਦੁਕਾਨਾਂ, ਮੁਰੰਮਤ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਖਾਦ, ਬੀਜ, ਕੀਟਨਾਸ਼ਕਾਂ ਦੇ ਨਿਰਮਾਣ ਅਤੇ ਵੰਡ ਦੀਆਂ ਗਤੀਵਿਧੀਆਂ ਚਾਲੂ ਰਹਿਣਗੀਆਂ, ਇਨਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਕਟਾਈ ਨਾਲ ਜੁੜੀਆਂ ਮਸ਼ੀਨਾਂ (ਕੰਪਾਈਨ) ਦੇ ਇਕ ਸੂਬੇ ਤੋਂ ਦੂਜੇ ਸੂਬੇ 'ਚ ਜਾਣ 'ਤੇ ਕੋਈ ਰੋਕ ਨਹੀਂ ਰਹੇਗੀ।
3- ਹਸਪਤਾਲ, ਨਰਸਿੰਗ ਹੋਮ, ਕਲੀਨਿਕ, ਡਿਸਪੈਂਸਰੀ, ਕੈਮਿਸਟ ਸ਼ਾਪ, ਮੈਡੀਕਲ ਲੈਬ, ਸੈਂਟਰ ਖੁੱਲੇ ਰਹਿਣਗੇ। ਪੈਥ ਲੈਬ, ਦਵਾਈ ਨਾਲ ਜੁੜੀਆਂ ਕੰਪਨੀਆਂ ਖੁੱਲੀਆਂ ਰਹਿਣਗੀਆਂ।
4- ਬੈਂਕ, ਏ.ਟੀ.ਐੱਮ. ਆਦਿ ਵੀ ਖੁੱਲੇ ਰਹਿਣਗੇ।
5- ਪੋਸਟ ਆਫ਼ਿਸ,ਐੱਲ.ਪੀ.ਜੀ., ਪੈਟਰੋਲ-ਡੀਜ਼ਲ ਸਪਲਾਈ ਜਾਰੀ ਰਹੇਗੀ।
6- ਪੇਂਡੂ ਖੇਤਰਾਂ 'ਚ ਵਪਾਰਕ ਗਤੀਵਿਧੀਆਂ ਨੂੰ ਸੀਮਿਤ ਦਾਇਰੇ 'ਚ ਮਨਜ਼ੂਰੀ ਦਿੱਤੀ ਗਈ ਹੈ। ਦਿਸ਼ਾ-ਨਿਰਦੇਸ਼ ਅਨੁਸਾਰ ਪੇਂਡੂ ਖੇਤਰ 'ਚ ਇੰਡਸਟਰੀ ਨੂੰ ਮੁਕਤ ਰੱਖਿਆ ਗਿਆ ਹੈ ਪਰ ਸ਼ਰਤ ਇਹ ਹੈ ਕਿ ਉਹ ਸ਼ਹਿਰੀ ਐੱਮ.ਸੀ.ਡੀ. ਦੇ ਖੇਤਰ 'ਚ ਨਾ ਆਉਂਦਾ ਹੋਵੇ।
7- ਪੇਂਡੂ ਖੇਤਰਾਂ 'ਚ ਇੱਟ-ਭੱਠੇ ਚਲਾਉਣ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।
8- ਸੜਕ ਨਿਰਮਾਣ, ਸਿੰਚਾਈ ਪ੍ਰਾਜੈਕਟ ਅਤੇ ਬਿਲਡਿੰਗ ਨਿਰਮਾਣ ਕੰਮ ਨੂੰ ਵੀ ਪਾਬੰਦੀ ਦੇ ਦਾਇਰੇ ਤੋਂ ਮੁਕਤ ਕਰ ਦਿੱਤਾ ਗਿਆ ਹੈ।
9- ਫੂਡ ਪ੍ਰੋਸੈਸਿੰਗ, ਆਈ.ਟੀ. ਹਾਰਡਵੇਅਰ, ਕੋਲਾ ਉਦਯੋਗ, ਖਾਨ ਉਦਯੋਗ, ਤੇਲ ਰਿਫਾਇਨਰੀ ਇੰਡਸਟਰੀ, ਪੈਕੇਜਿੰਗ ਇੰਡਸਟਰੀ ਅਤੇ ਜੂਟ ਉਦਯੋਗ ਨੂੰ ਰਾਹਤ ਦਿੱਤੀ ਗਈ ਹੈ। ਇਹ ਉਦਯੋਗ 20 ਮਾਰਚ ਤੋਂ ਕੰਮ ਕਰ ਸਕਣਗੇ।

DIsha

This news is Content Editor DIsha