UP ਲੋਕਲ ਬਾਡੀ ਚੋਣਾਂ : ਵੋਟਾਂ ਦੀ ਗਿਣਤੀ ਜਾਰੀ , ਸ਼ੁਰੂਆਤੀ ਰੁਝਾਨਾਂ ਵਿਚ ਕਈ ਸ਼ਹਿਰਾਂ 'ਚ ਭਾਜਪਾ ਅੱਗੇ

12/01/2017 10:06:13 AM

ਉੱਤਰ ਪ੍ਰਦੇਸ਼ — ਉੱਤਰ-ਪ੍ਰਦੇਸ਼ ਦੇ ਸ਼ਹਿਰੀ ਖੇਤਰਾਂ ਵਿਚ ਵੋਟਾਂ ਦੀ ਗਿਣਤੀ ਸਖਤ ਸੁਰੱਖਿਆ ਹੇਠ ਅੱਜ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਰਾਜ ਚੋਣ ਕਮਿਸ਼ਨ ਦੇ ਕਮਿਸ਼ਨਰ ਨੇ ਕਿਹਾ ਹੈ ਕਿ ਸਾਰੇ ਨਤੀਜੇ ਦੇਰ ਰਾਤ ਤਕ ਆਉਣ ਦੀ ਉਮੀਦ ਹੈ। 6 ਨਗਰ ਨਿਗਮਾਂ, 198 ਨਗਰ ਕੌਂਸਲਾਂ ਅਤੇ 438 ਨਗਰ ਪੰਚਾਇਤਾਂ ਦੀਆਂ ਇਹ ਚੋਣਾਂ 22,26 ਅਤੇ 29 ਨਵੰਬਰ ਨੂੰ ਤਿੰਨ ਪੜਾਵਾਂ 'ਚ ਪੂਰੀਆਂ ਹੋਈਆਂ। ਅਯੋਧਿਆ, ਮਥੁਰਾ-ਵ੍ਹਰਿੰਦਾਵਨ, ਸਹਾਰਨਪੁਰ ਅਤੇ ਫਿਰੋਜ਼ਾਬਾਦ ਖੇਤਰਾਂ 'ਚ ਪਹਿਲੀ ਵਾਰ ਨਗਰ ਨਿਗਮ ਦੀਆਂ ਚੋਣਾਂ ਹੋਈਆਂ ਹਨ।

ਬੀਤੀ 19 ਮਾਰਚ ਨੂੰ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕਣ ਤੋਂ ਬਾਅਦ ਯੋਗੀ ਆਦਿੱਤਯਨਾਥ ਦੇ ਕਾਰਜਕਾਲ ਦੀਆਂ ਇਹ ਪਹਿਲੀਆਂ ਮੁੱਖ ਚੋਣਾਂ ਹਨ। ਇਨ੍ਹਾਂ ਚੋਣਾਂ ਦੇ ਪ੍ਰਚਾਰ ਦੀ ਅਗਵਾਈ ਮੁੱਖ ਮੰਤਰੀ ਨੇ ਖੁਦ ਕੀਤੀ। ਚੋਣਾਂ ਦੇ ਪ੍ਰਚਾਰ ਲਈ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਦਿਨੇਸ਼ ਸ਼ਰਮਾ ਅਤੇ ਸੂਬੇ ਦੇ ਮੰਤਰੀਆਂ ਨੇ ਦਿਨ ਰਾਤ ਇਕ ਕੀਤੇ ਸਨ।
ਵੋਟਾਂ ਦੀ ਗਿਣਤੀ ਵਿਚ 16 ਨਗਰ ਨਿਗਮਾਂ, 198 ਨਗਰ ਪਾਲਿਕਾਵਾਂ ਅਤੇ 438 ਨਗਰ ਪੰਚਾਇਤਾਂ 'ਚ 12,647 ਅਹੁਦਿਆਂ ਲਈ 79,113 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ। ਨਗਰ ਨਿਗਮ ਦੀਆਂ ਚੋਣਾਂ ਲਈ ਈ.ਵੀ.ਐੱਮ. ਮਸ਼ੀਨ ਦਾ ਇਸਤੇਮਾਲ ਹੋਇਆ ਜਦੋਂਕਿ ਨਗਰ ਪਾਲਿਕਾ ਖੇਤਰਾਂ ਲਈ ਬੈਲਟ ਕਾਗਜਾਂ ਦੀ ਵਰਤੋਂ ਕੀਤੀ ਗਈ। 2012 'ਚ ਹੋਈਆਂ ਚੋਣਾਂ ਦੇ ਮੁਕਾਬਲੇ ਇਸ ਵਾਰ 74 ਜ਼ਿਲਿਆਂ 'ਚ 6 ਫੀਸਦੀ ਵਧ ਵੋਟਿੰਗ ਹੋਈ ਜਦੋਂਕਿ ਮਧੁਰਾ 'ਚ ਇਸ ਦੀ ਗਿਣਤੀ ਘਟੀ ਹੈ।