ਕਿਸਾਨ ਅੰਦਲੋਨ ’ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸਨਮਾਨ, ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’

01/09/2021 5:04:42 PM

ਨਵੀਂ ਦਿੱਲੀ (ਭਾਸ਼ਾ)— ਕਾਂਗਰਸ ਦੀ ਯੁਵਾ ਇਕਾਈ ਨੇ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਦੌਰਾਨ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਸਨਮਾਨ ’ਚ ਸ਼ਨੀਵਾਰ ਯਾਨੀ ਕਿ ਅੱਜ ‘ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ’ ਮੁਹਿੰਮ ਸ਼ੁਰੂ ਕੀਤੀ। ਭਾਰਤੀ ਯੁਵਾ ਕਾਂਗਰਸ ਦੇ ਪ੍ਰਧਾਨ ਸ਼੍ਰੀਨਿਵਾਸ ਬੀ. ਵੀ. ਕੇ. ਮੁਤਾਬਕ ਕਿਸਾਨ ਅੰਦੋਲਨ ਵਿਚ 60 ਤੋਂ ਵਧੇਰੇ ਕਿਸਾਨਾਂ ਦੀ ‘ਸ਼ਹਾਦਤ’ ਹੋਈ ਹੈ ਅਤੇ ਉਨ੍ਹਾਂ ਦੇ ਸਨਮਾਨ ’ਚ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਸੰਗਠਨ ਦੇ ਵਰਕਰ ਦੇਸ਼ ਦੇ ਹਰ ਜ਼ਿਲ੍ਹੇ ਤੋਂ ਇਕ ਮੁੱਠੀ ਮਿੱਟੀ ਇਕੱਠੀ ਕਰ ਕੇ ਯੁਵਾ ਕਾਂਗਰਸ ਦੇ ਰਾਸ਼ਟਰੀ ਦਫ਼ਤਰ ਨੂੰ ਭੇਟ ਕਰਨਗੇ। ‘ਸ਼ਹੀਦ’ ਕਿਸਾਨਾਂ ਦੇ ਪਿੰਡ ਅਤੇ ਖੇਤਾਂ ਵਿਚੋਂ ਵੀ ਮਿੱਟੀ ਲਿਆਂਦੀ ਜਾਵੇਗੀ।

ਸ਼੍ਰੀਨਿਵਾਸਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਖ਼ੁਦ ਨੂੰ ਗਰੀਬ ਮਜ਼ਦੂਰ, ਕਿਸਾਨ ਦਾ ਪੁੱਤਰ ਦੱਸਣ ਵਾਲੇ ਪ੍ਰਧਾਨ ਮੰਤਰੀ ਜੀ ਅਮਰੀਕਾ ਦੇ ਲੋਕਤੰਤਰ ਦੀ ਚਿੰਤਾ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਆਪਣੇ ਘਰ ਤੋਂ ਮਹਿਜ ਕੁਝ ਕਿਲੋਮੀਟਰ ਦੂਰ ਧਰਨੇ ’ਤੇ ਬੈਠੇ ਹੋਏ ਲੱਖਾਂ ਕਿਸਾਨਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਦਰਅਸਲ ਇਹ ਸਰਕਾਰ ਤਾਨਾਸ਼ਾਹ ਹੋ ਗਈ ਹੈ। ਯੁਵਾ ਕਾਂਗਰਸ ਮੁਖੀ ਕ੍ਰਿਸ਼ਨਾ ਅੱਲਾਵਰੂ ਨੇ ਦੱਸਿਆ ਕਿ ਇਕ ਮੁੱਠੀ ਮਿੱਟੀ ਸ਼ਹੀਦਾਂ ਦੇ ਨਾਮ ਮੁਹਿੰਮ ਵਲੋਂ ਭਾਰਤੀ ਯੁਵਾ ਕਾਂਗਰਸ ਦੇ ਵਰਕਰਾਂ ਨੂੰ ਪਿੰਡ-ਪਿੰਡ ਭੇਜਿਆ ਜਾਵੇਗਾ, ਜਿੱਥੋਂ ਉਹ ਇਕ ਮੁੱਠੀ ਮਿੱਟੀ ਇਕੱਠੀ ਕਰਨਗੇ। ਇਹ ਵਰਕਰ ਸੰਦੇਸ਼ ਵੀ ਦੇਣਗੇ ਕਿ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਕਿ ਕਿਸਾਨ ਆਪਣੇ ਅਧਿਕਾਰਾਂ ਦੀ ਰੱਖਿਆ ਲਈ ਅਹਿੰਸਕ ਅੰਦੋਲਨ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮਨਮਾਨੇ ਢੰਗ ਨਾਲ ਕਿਸੇ ਵੀ ਵਿਅਕਤੀ ’ਤੇ ਉਸ ਦੀ ਮਰਜ਼ੀ ਖ਼ਿਲਾਫ਼ ਕੋਈ ਕਾਨੂੰਨ ਥੋਪ ਨਹੀਂ ਸਕਦੀ। ਭਾਰਤੀ ਯੁਵਾ ਕਾਂਗਰਸ ਇਹ ਮੰਗ ਕਰਦੀ ਹੈ ਕਿ ਛੇਤੀ ਹੀ ਤਿੰਨੋਂ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। 

Tanu

This news is Content Editor Tanu