ਧੀ ਨੂੰ ਭੋਪਾਲ ਤੋਂ ਦਿੱਲੀ ਸੱਦਣ ਲਈ ਸ਼ਰਾਬ ਕਾਰੋਬਾਰੀ ਨੇ ਬੁੱਕ ਕੀਤਾ 180 ਸੀਟਰ ਪਲੇਨ

05/28/2020 8:57:58 PM

ਭੋਪਾਲ - ਪ੍ਰਵਾਸੀ ਮਜ਼ਦੂਰਾਂ ਦੀ ਗ੍ਰਹਿ ਸੂਬਿਆਂ ਨੂੰ ਪਰਤਣ ਲਈ ਜੂਝਣ ਦੀਆਂ ਤਸਵੀਰਾਂ ਹਾਲ  ਦੇ ਦਿਨਾਂ ਵਿਚ ਬਹੁਤ ਦੇਖਣ ਨੂੰ ਮਿਲੀਆਂ। ਵੱਡੀ ਗਿਣਤੀ ਵਿਚ ਮਜ਼ਦੂਰ ਟਰਾਂਸਪੋਰਟ ਦਾ ਕੋਈ ਸਾਧਨ ਨਾ ਮਿਲਣ ਕਾਰਣ ਅਣਗਿਣਤ ਕਿਲੋਮੀਟਰ ਪੈਦਲ ਚੱਲਦੇ ਵੀ ਨਜ਼ਰ ਆਏ। ਅਜਿਹੇ ਵਿਚ ਮੱਧ ਪ੍ਰਦੇਸ਼ ਦੇ ਸ਼ਰਾਬ ਦੇ ਇੱਕ ਵੱਡੇ ਕਾਰੋਬਾਰੀ ਨੇ ਚਾਰ ਲੋਕਾਂ ਨੂੰ ਭੋਪਾਲ ਤੋਂ ਦਿੱਲੀ ਲਿਆਉਣ ਲਈ ਬੁੱਧਵਾਰ ਨੂੰ 180 ਸੀਟਰ ਪਲੇਨ (ਏਅਰਬੱਸ A320) ਹਾਇਰ ਕੀਤਾ। ਚਾਰ ਮੁਸਾਫਰਾਂ ਵਿਚ ਸ਼ਰਾਬ ਕਾਰੋਬਾਰੀ ਦੀ ਧੀ, ਉਸ ਦੇ ਦੋ ਬੱਚੇ ਅਤੇ ਬੱਚੀਆਂ ਦੀ ਨੈਨੀ (ਦੇਖਭਾਲ ਕਰਣ ਵਾਲੀ ਔਰਤ) ਸ਼ਾਮਲ ਸਨ।

ਸ਼ਰਾਬ ਕਾਰੋਬਾਰੀ ਜਗਦੀਸ਼ ਅਰੋੜਾ ਮੱਧ ਪ੍ਰਦੇਸ਼ ਵਿਚ ਸੋਮ ਡਿਸਟਿਲਰੀਜ਼ ਦੇ ਮਾਲਿਕ ਹਨ।  ਜਦੋਂ ਉਨ੍ਹਾਂ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਅਜਿਹੇ ਕਿਸੇ ਏਅਰਬੱਸ ਨੂੰ ਹਾਇਰ ਕਰਣ ਤੋਂ ਇਨਕਾਰ ਕੀਤਾ। ਫਿਰ ਲਾਈਨ ਕੱਟਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, “ਤੁਸੀਂ ਨਿਜੀ ਚੀਜਾਂ ਵਿਚ ਕਿਉਂ ਦਖਲ ਦੇ ਰਹੇ ਹੋ?” ਜਹਾਜ਼ ਨੂੰ ਦਿੱਲੀ ਤੋਂ ਹਾਇਰ ਕੀਤਾ ਗਿਆ ਸੀ। ਜਹਾਜ਼ ਨੇ ਸਵੇਰੇ 9.30 ਵਜੇ ਦਿੱਲੀ ਤੋਂ ਉਡਾਣ ਭਰੀ ਅਤੇ ਕਰੀਬ 10.30 ਵਜੇ ਭੋਪਾਲ ਪਹੁੰਚਿਆ। ਫਿਰ ਭੋਪਾਲ ਤੋਂ ਚਾਰ ਮੁਸਾਫਰਾਂ ਦੇ ਨਾਲ ਕਰੀਬ 11.30 ਵਜੇ ਜਹਾਜ਼ ਨੇ ਦਿੱਲੀ ਲਈ ਵਾਪਸੀ ਦੀ ਉਡਾਣ ਭਰੀ।

ਹਵਾਬਾਜ਼ੀ ਵਿਭਾਗ ਦੇ ਸੂਤਰਾਂ ਮੁਤਾਬਕ 6 ਅਤੇ 8 ਸੀਟਰ ਚਾਰਟਰਡ ਜਹਾਜ਼ ਵਰਗੇ ਕਈ ਹੋਰ ਵਿਕਲਪ ਮੌਜੂਦ ਸਨ ਪਰ ਸ਼ਰਾਬ ਕਾਰੋਬਾਰੀ ਨੇ ਏਅਰਬੱਸ ਨੂੰ ਹੀ ਚੁਣਿਆ। ਸੂਤਰ ਨੇ ਕਿਹਾ, ਜਿਨ੍ਹਾਂ ਦੇ ਕੋਲ ਪੈਸਾ ਹੈ, ਉਹ ਹੋਰ ਮੁਸਾਫਰਾਂ ਦੇ ਨਾਲ ਯਾਤਰਾ ਨਹੀਂ ਕਰਣਾ ਚਾਹੁੰਦੇ ਹਨ ਕਿਉਂਕਿ ਜੋਖਿਮ ਸ਼ਾਮਲ ਹੈ, ਪਰ 6 ਜਾਂ 8 ਸੀਟਰ ਚਾਰਟਰਡ ਜਹਾਜ਼ ਨਾਲ ਮਕਸਦ ਪੂਰਾ ਹੋ ਸਕਦਾ ਸੀ। ਏ320 ਏਅਰਬੱਸ ਨੂੰ ਕਿਰਾਏ 'ਤੇ ਲੈਣਾ ਹਵਾਬਾਜ਼ੀ ਟਰਬਾਈਨ ਬਾਲਣ ਦੀ ਲਾਗਤ 'ਤੇ ਨਿਰਭਰ ਕਰਦਾ ਹੈ। ਸੂਤਰਾਂ ਮੁਤਾਬਕ ਇਹ ਖਰਚ 5 ਤੋਂ 6 ਲੱਖ ਰੁਪਏ ਪ੍ਰਤੀ ਘੰਟੇ ਦੇ ਵਿਚ ਆ ਸਕਦਾ ਹੈ। ਅੰਤਰਰਾਸ਼ਟਰੀ ਹਾਲਾਤਾਂ ਦੀ ਵਜ੍ਹਾ ਨਾਲ ਹਾਲੀਆ ਮਹੀਨੀਆਂ ਵਿਚ ਟਰਬਾਇਨ ਬਾਲਣ ਦੀਆਂ ਕੀਮਤਾਂ ਵਿਚ ਕਮੀ ਆਈ ਹੈ। 

ਇੰਡਸਟਰੀ ਨਾਲ ਜੁਡ਼ੇ ਇੱਕ ਇਨਸਾਇਡਰ ਮੁਤਾਬਕ ਸ਼ਰਾਬ ਕਾਰੋਬਾਰੀ ਵੱਲੋਂ ਭੋਪਾਲ ਤੋਂ ਚਾਰ ਲੋਕਾਂ ਨੂੰ ਦਿੱਲੀ ਲਿਆਉਣ ਲਈ 25 ਤੋਂ 30 ਲੱਖ ਰੁਪਏ ਦੇ ਵਿਚ ਖਰਚ ਕੀਤੇ ਜਾਣ ਦੀ ਸੰਭਾਵਨਾ ਹੈ।
 

Inder Prajapati

This news is Content Editor Inder Prajapati