ਆਓ ਜਾਣਦੇ ਹਾਂ ਰਿਜ਼ਰਵ ਬੈਂਕ ਦੇ ਮਿਊਜ਼ਿਅਮ 'ਚ ਕੀ ਹੈ ਖਾਸ

10/05/2019 1:05:49 PM

ਕੋਲਕਾਤਾ — ਅੱਜ ਅਸੀਂ ਤੁਹਾਨੂੰ ਕੋਲਕਾਤਾ 'ਚ ਸਥਿਤ ਰਿਜ਼ਰਵ ਬੈਂਕ ਆਫ ਇੰਡੀਆ ਦੇ ਮਿਊਜ਼ੀਅਮ ਦੀ ਸੈਰ ਕਰਵਾਉਣ ਜਾ ਰਹੇ ਹਾਂ। ਇਹ ਅਜਾਇਬ ਘਰ ਤੁਹਾਨੂੰ ਇਕ ਵੱਖਰੀ ਕਿਸਮ ਦੁਨੀਆ ਦੀ ਸੈਰ 'ਤੇ ਲੈ ਜਾਂਦਾ ਹੈ। ਇਸ ਮਿਊਜ਼ਿਅਮ ਅੰਦਰ ਅਰਥ ਵਿਵਸਥਾ 'ਚ ਪੈਸੇ ਅਤੇ ਭਾਰਤ ਦੇਸ਼ ਦੇ ਲੋਕਾਂ ਦੀ ਆਪਸੀ ਭੂਮਿਕਾ ਬਾਰੇ ਮਜ਼ੇਦਾਰ ਅਤੇ ਇੰਟਰਐਕਟਿਵ ਢੰਗ ਨਾਲ ਸਮਝਾਇਆ ਗਿਆ ਹੈ।



ਇਥੇ ਆ ਕੇ ਇਸ ਬਾਰੇ ਪੂਰੀ ਜਾਣਕਾਰੀ ਮਿਲੇਗੀ ਕਿ ਸਦੀਆਂ ਤੋਂ ਲੈ ਕੇ ਹੁਣ ਪੈਸਾ ਵੱਖ-ਵੱਖ ਰੂਪ 'ਚ ਕਿਵੇਂ ਵਿਕਸਤ ਹੋਇਆ ਹੈ, ਕਿਵੇਂ ਅਤੇ ਕਿਉਂ ਸੋਨਾ ਅੱਜ ਵੀ ਸਾਡੇ ਸਮਾਜ ਵਿਚ ਆਪਣਾ ਮਹੱਤਵਪੂਰਨ ਸਥਾਨ ਕਾਇਮ ਰੱਖਣ 'ਚ ਕਾਮਯਾਬ ਹੈ ਅਤੇ ਆਰਬੀਆਈ ਦੀ ਉਤਪਤੀ ਬਾਰੇ ਵੀ ਜਾਣਕਾਰੀ ਮਿਲਦੀ ਹੈ। ਅਜਾਇਬ ਘਰ ਵਿਚ 7 ਫੁੱਟ ਦਾ 'ਯੈਪ' ਪੱਥਰ, ਸੋਨੇ ਦੀ ਮਾਈਨਿੰਗ ਬਾਰੇ ਇਕ ਇੰਟਰਐਕਟਿਵ ਪ੍ਰਦਰਸ਼ਨੀ, 12 ਫੁੱਟ ਉੱਚੀ ਮੂਰਤੀ ਅਤੇ ਹੋਰ ਵੀ ਬਹੁਤ ਕੁਝ ਦਿਖਾਇਆ ਗਿਆ ਹੈ।

ਤੁਸੀਂ 'ਆਰਬੀਆਈ ਅਜਾਇਬ ਘਰ' ਦੇ ਇਕ ਕਿਤਾਬਚੇ ਵਿਚੋਂ ਪੜ੍ਹ ਕੇ ਅਰਥਵਿਵਸਥਾ ਅਤੇ ਕਰੰਸੀ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਲੈ ਸਕਦੇ ਹੋ ਅਤੇ ਪ੍ਰਦਰਸ਼ਨੀ ਦੀ ਝਲਕ ਪ੍ਰਾਪਤ ਕਰ ਸਕਦੇ ਹੋ। ਪ੍ਰਦਰਸ਼ਨੀ 'ਚ ਇੰਟਰਐਕਟਿਵ ਡਿਸਪਲੇਅ, ਗੇਮਜ਼, ਮੂਰਤੀਆਂ ਅਤੇ ਵੀਡਿਓਜ਼ ਦੁਆਰਾ ਜ਼ਰੂਰੀ ਜਾਣਕਾਰੀ ਦਿੱਤੀ ਜਾਵੇਗੀ।

ਮਿਊਜ਼ਿਅਮ ਦੀ ਸੈਰ ਕਰਨ ਲਈ ਕਿੰਨਾ ਲੱਗਦਾ ਹੈ ਚਾਰਜ

ਇਸ ਮਿਊਜ਼ਿਅਮ ਦੇ ਸੈਰ ਕਰਨ ਲਈ ਕੋਈ ਚਾਰਜ ਨਹੀਂ ਲੱਗਦਾ ਹੈ। ਹਾਂ ਜੇਕਰ ਤੁਸੀਂ ਗਰੁੱਪ ਜਾਂ ਕਿਸੇ ਸੰਸਥਾ ਦੇ ਰੂਪ 'ਚ ਆਉਣਾ ਚਾਹੁੰਦੇ ਹੋ ਤਾਂ ਪਹਿਲਾਂ ਤੋਂ ਜਾਣਕਾਰੀ ਦੇ ਕੇ ਬੁਕਿੰਗ ਕਰਵਾ ਸਕਦੇ ਹੋ। ਇਥੇ ਆ ਕੇ ਫੋਟੋ ਖਿੱਚਣ ਦੀ ਆਗਿਆ ਹੈ ਪਰ ਵੀਡੀਓ ਰਿਕਾਰਡਿੰਗ ਦੀ ਆਗਿਆ ਨਹੀਂ ਹੈ। ਰਿਜ਼ਰਵ ਬੈਂਕ ਦਾ ਅਜਾਇਬ ਘਰ ਸਾਰੇ ਦੇਸ਼ ਵਾਸੀਆਂ ਲਈ ਖੁੱਲ੍ਹਾ ਹੈ।

ਮਿਊਜ਼ਿਅਮ ਦੇ ਖੁੱਲਣ ਦਾ ਸਮਾਂ

ਰਾਸ਼ਟਰੀ ਛੁੱਟੀਆਂ(26 ਜਨਵਰੀ, 15 ਅਗਸਤ ਅਤੇ 2 ਅਕਤਬੂਰ) ਨੂੰ ਛੱਡ ਕੇ ਤੁਸੀਂ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਇਥੇ ਆ ਸਕਦੇ ਹੋ। ਇਸ ਮਿਊਜ਼ਿਅਮ ਦੇ ਖੁੱਲਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੈ।

ਇਥੇ ਸੈਰ ਕਰਨ ਦੇ ਨਾਲ ਯਾਦਗਾਰ ਦੇ ਤੌਰ 'ਤੇ ਖਰੀਦਦਾਰੀ ਕਰਨਾ ਨਾ ਭੁੱਲਣਾ

ਕਦੇ ਨਾ ਭੁੱਲਣ ਵਾਲੀ ਇਸ ਯਾਦਗਾਰ ਸੈਰ ਨੂੰ ਹਮੇਸ਼ਾ ਆਪਣੇ ਨਾਲ ਰੱਖਣ ਲਈ ਇਥੋ ਦੀ ਸ਼ਾਪ ਤੋਂ ਪ੍ਰਸ਼ੰਸਾਯੋਗ ਆਰਥਿਕ ਸਿੱਖਿਆ ਦੇ ਕੁਝ ਸਰੋਤ ਅਤੇ ਕਾਰੋਬਾਰੀ ਪ੍ਰਕਾਸ਼ਨ ਦੀਆਂ ਕਿਤਾਬਾਂ ਅਤੇ ਤੋਹਫ਼ਿਆਂ ਦੀ ਖਰੀਦਦਾਰੀ ਕਰਨਾ ਨਾ ਭੁੱਲਣਾ। ਇਥੇ ਦੁਕਾਨ 'ਚ ਕਰੰਸੀ ਦੇ ਬਕਸੇ ਅਤੇ ਸਿੱਕਿਆਂ ਦੀਆਂ ਬਣੀਆਂ ਚੀਜ਼ਾਂ ਦਾ ਅਦਭੁੱਤ ਸੰਗ੍ਰਿਹ ਹੈ ਜਿਨ੍ਹਾਂ 'ਤੇ ਅਜਾਇਬ ਘਰ ਦਾ ਲੋਗੋ ਵੀ ਲੱਗਾ ਹੈ। 

ਇਥੇ ਜੇਕਰ ਸੈਰ ਕਰਦਿਆਂ ਤੁਹਾਨੂੰ ਭੁੱਖ ਲੱਗਦੀ ਹੈ ਤਾਂ ਕੈਫੇਟੇਰੀਆ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ। ਸੋ ਆਪਣੇ ਦੇਸ਼ ਦੀ ਕਰੰਸੀ ਅਤੇ ਅਰਥਵਿਵਸਥਾ ਨਾਲ ਰਾਬਤਾ ਕਾਇਮ ਕਰਨ ਲਈ ਜ਼ਰੂਰ ਕਰੋ ਇਸ ਸੁੰਦਰ ਸਥਾਨ ਦੀ ਸੈਰ।