ਅਦਾਲਤ ਦੀ ਨਿਗਰਾਨੀ ਹੇਠ ਜਾਂਚ ਲਈ ਤਿਆਰ ਹੈ ਜਨਤਾ ਦਲ (ਯੂ) : ਤਿਆਗੀ

08/06/2018 5:01:59 PM

ਨਵੀਂ ਦਿੱਲੀ— ਮੁਜ਼ੱਫਰਪੁਰ ਗਰਲਜ਼ ਸ਼ੈਲਟਰ ਹੋਮ ਵਿਖੇ ਜਬਰ-ਜ਼ਨਾਹ ਦੇ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਵਲੋਂ ਤਿੱਖੇ ਹਮਲਿਆਂ ਦਾ ਸਾਹਮਣਾ ਕਰ ਰਹੇ ਜਨਤਾ ਦਲ (ਯੂ) ਨੇ ਐਤਵਾਰ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਇਸ ਮੁੱਦੇ 'ਤੇ ਅਸਤੀਫਾ ਨਹੀਂ ਦੇਣਗੇ। ਪਾਰਟੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਮਾਮਲੇ ਦੀ ਜਾਂਚ ਲਈ ਤਿਆਰ ਹੈ।

ਜਾਣਕਾਰੀ ਮੁਤਾਬਕ ਨਿਤੀਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਰੱਦ ਕਰਦਿਆਂ ਜਨਤਾ ਦਲ (ਯੂ) ਦੇ ਸੀਨੀਅਰ ਨੇਤਾ ਕੇ. ਸੀ. ਤਿਆਗੀ ਨੇ ਬੀਤੇ ਦਿਨੀਂ ਜੰਤਰ-ਮੰਤਰ ਵਿਖੇ ਰਾਜਦ ਵਲੋਂ ਆਯੋਜਿਤ ਪ੍ਰਦਰਸ਼ਨ ਵਿਚ ਸ਼ਾਮਲ ਹੋਣ 'ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਮੇਤ ਵੱਖ-ਵੱਖ ਵਿਰੋਧੀ ਆਗੂਆਂ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਬਿਹਾਰ 'ਚ ਵਾਪਰੀਆਂ ਮੰਦਭਾਗੀਆਂ ਤੇ ਸ਼ਰਮਨਾਕ ਘਟਨਾਵਾਂ ਤੋਂ ਸਿਆਸੀ ਲਾਭ ਲੈਣ ਲਈ ਸਬੰਧਤ ਪਾਰਟੀਆਂ ਦਾ ਇਹ 'ਦੋਸਤਾਨਾ ਦਿਵਸ' ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਿਆਗੀ ਨੇ ਕਿਹਾ ਕਿ ਬੱਚੀਆਂ ਨਾਲ ਜਬਰ-ਜ਼ਨਾਹ ਰਾਜਗ ਸਰਕਾਰ ਅਤੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਸਰਕਾਰ ਵਿਰੁੱਧ ਵਿਰੋਧੀ ਪਾਰਟੀਆਂ ਲਈ ਏਕਤਾ ਅਤੇ ਨਿਤੀਸ਼ ਕੁਮਾਰ ਦਾ ਅਸਤੀਫਾ ਮੰਗਣ ਦਾ ਮੁੱਦਾ ਕਿਵੇਂ ਹੋ ਸਕਦਾ ਹੈ? ਉਕਤ ਬੱਚੀਆਂ ਨੂੰ ਲੈ ਕੇ ਸਿਆਸਤ ਕਰਨੀ ਬੇਹੱਦ ਮੰਦਭਾਗੀ ਗੱਲ ਹੈ। ਵਿਰੋਧੀ ਧਿਰ ਦੀ ਮੰਗ ਦੇ ਬਾਵਜੂਦ ਨਿਤੀਸ਼ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਕਦੇ ਵੀ ਨਹੀਂ ਦੇਣਗੇ।


Related News