ਪਵਿੱਤਰ ਅਮਰਨਾਥ ਯਾਤਰਾ ਲਈ ਰੈਸਟ ਹਾਊਸ ਅਤੇ ਆਫ਼ਤ ਪ੍ਰਬੰਧਨ ਲਈ ਨੀਂਹ ਪੱਥਰ ਰੱਖਿਆ

06/07/2023 5:40:44 PM

ਜਲੰਧਰ/ਜੰਮੂ (ਵਿਸ਼ੇਸ਼)- ਕੇਂਦਰੀ ਪੈਟਰੋਲੀਅਮ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਨੇ ਪਵਿੱਤਰ ਅਮਰਨਾਥ ਯਾਤਰਾ ਲਈ ਰੈਸਟ ਹਾਊਸ ਅਤੇ ਆਫ਼ਤ ਪ੍ਰਬੰਧਨ ਕੇਂਦਰ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਿਰਕਤ ਕੀਤੀ। ਸਮਾਗਮ ਵਿਚ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਅਤੇ ਹੋਰ ਅਧਿਕਾਰੀ ਮੌਜੂਦ ਸਨ। ਨੀਂਹ ਪੱਥਰ ਰੱਖਣ ਉਪਰੰਤ ਹਰਦੀਪ ਪੁਰੀ ਨੇ ਕਿਹਾ ਕਿ ਸ਼੍ਰੀ ਅਮਰਨਾਥ ਯਾਤਰਾ ਆਸਥਾ ਅਤੇ ਸ਼ਰਧਾ ਦਾ ਪ੍ਰਤੀਕ ਹੈ। ਹਰ ਸਾਲ 4 ਤੋਂ 6 ਲੱਖ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਲਈ ਆਉਂਦੇ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਰਧਾਲੂ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ, ਜੋ ਹੋਟਲ ਅਤੇ ਹੋਰ ਖਰਚੇ ਚੁੱਕਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਰਸਤਾ ਬਹੁਤ ਔਖਾ ਹੈ। ਕਈ ਵਾਰ ਮੌਸਮ ਖ਼ਰਾਬ ਹੋ ਜਾਂਦਾ ਹੈ ਅਤੇ ਕਈ ਵਾਰ ਅੱਤਵਾਦੀ ਹਮਲੇ ਵੀ ਹੋ ਜਾਂਦੇ ਹਨ ਪਰ ਇਸ ਦੇ ਬਾਵਜੂਦ ਯਾਤਰੀਆਂ ਦੀ ਸ਼ਰਧਾ ਨਹੀਂ ਘਟਦੀ।

ਉਨ੍ਹਾਂ ਕਿਹਾ ਕਿ ਸ਼ਰਾਈਨ ਬੋਰਡ ਓ.ਐੱਨ.ਜੀ.ਸੀ. ਦੀ ਮਦਦ ਨਾਲ ਇਹ ਸਹੂਲਤ ਬਣਾਈ ਗਈ ਹੈ। ਇੱਥੇ ਰਹਿਣ ਅਤੇ ਖਾਣ-ਪੀਣ ਦੇ ਪ੍ਰਬੰਧਾਂ ਦੇ ਨਾਲ-ਨਾਲ ਯਾਤਰੀਆਂ ਨੂੰ ਮੈਡੀਕਲ ਸਹੂਲਤ ਵੀ ਮਿਲੇਗੀ। ਇਕ ਆਫ਼ਤ ਪ੍ਰਬੰਧਨ ਕੇਂਦਰ ਦੇ ਨਾਲ, ਇਸ ਸਹੂਲਤ ਵਿਚ 54 ਕਮਰੇ, 18 ਧਾਰਮਿਕ ਘਰ, ਇਕ ਰਸੋਈ ਅਤੇ ਇਕ ਰੈਸਟੋਰੈਂਟ ਦੇ ਨਾਲ-ਨਾਲ 400 ਲੋਕਾਂ ਲਈ ਰਿਹਾਇਸ਼ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਗਵਾਨ ਸ਼ਿਵ ਪ੍ਰਤੀ ਸ਼ਰਧਾ ਕਿਸੇ ਤੋਂ ਲੁਕੀ ਨਹੀਂ ਹੈ। ਉਜੈਨ ਵਿਚ ਮਹਾਕਾਲੇਸ਼ਵਰ ਮੰਦਰ ਵਿਚ ਮਹਾਕਾਲ ਲੋਕ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਵਾਰਾਣਸੀ ’ਚ ਨਵਾਂ ਕਾਸ਼ੀ ਵਿਸ਼ਵਨਾਥ ਕੋਰੀਡੋਰ ਬਣਾਇਆ ਗਿਆ ਹੈ। ਸੋਮਨਾਥ ਮੰਦਰ ਕੰਪਲੈਕਸ ਗੁਜਰਾਤ ਵਿਚ ਬਣਾਇਆ ਗਿਆ ਹੈ। ਕੇਦਾਰਨਾਥ ਮੰਦਿਰ ਵਿਚ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਦਕਿ ਉੱਤਰਾਖੰਡ ਵਿਚ ਚਾਰਧਾਮ ਲਈ ਇਕ ਸੰਪਰਕ ਸੜਕ ਬਣਾਈ ਗਈ ਹੈ। ਜੰਮੂ-ਕਸ਼ਮੀਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੰਮੂ-ਕਸ਼ਮੀਰ ’ਚ ਧਾਰਾ 370 ਅਤੇ 35ਏ ਨੂੰ ਖਤਮ ਕਰਨ ਨਾਲ ਨਵੇਂ ਰਾਹ ਖੁੱਲ੍ਹ ਗਏ ਹਨ। 1500 ਕਿਲੋਮੀਟਰ ਤੋਂ ਵੱਧ ਸੜਕਾਂ ਅਤੇ 100 ਪੁਲਾਂ ਦਾ ਨਿਰਮਾਣ ਕੀਤਾ ਗਿਆ ਹੈ। ਇਕੱਲੇ ਜੰਮੂ ਖੇਤਰ ਵਿਚ, 10 ਨਵੇਂ ਹਸਪਤਾਲ ਬਣਾਏ ਗਏ ਹਨ ਅਤੇ 100 ਤੋਂ ਵੱਧ ਨਵੇਂ ਕਲੀਨਿਕ ਵੀ ਬਣਾਏ ਗਏ ਹਨ।

DIsha

This news is Content Editor DIsha