ਨੇਤਾਵਾਂ ਦੇ ਬੇਟਿਆਂ ''ਤੇ ਕਾਨੂੰਨ ਦਾ ਸ਼ਿਕੰਜਾ

06/21/2019 1:46:08 AM

ਨਵੀਂ ਦਿੱਲੀ— ਦੇਸ਼ 'ਚ ਕਈ ਨੇਤਾਵਾਂ ਦੇ ਬੇਟਿਆਂ 'ਤੇ ਕਾਨੂੰਨ ਦਾ ਸ਼ਿਕੰਜਾ ਕੱਸਿਆ ਗਿਆ ਹੈ। ਕੋਈ ਧੋਖੇਬਾਜ਼ੀ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ ਤਾਂ ਕਿਸੇ 'ਤੇ ਜਬਰ-ਜ਼ਨਾਹ ਵਰਗੇ ਘਿਨੌਣੇ ਦੋਸ਼ ਲੱਗੇ ਹਨ। ਅਜਿਹੇ ਹੀ ਕੁਝ ਮਾਮਲਿਆਂ 'ਤੇ ਨਜ਼ਰ

1. ਘਪਲੇਬਾਜ਼ੀ
ਸਾਬਕਾ ਸੀ. ਐੈੱਮ. ਰਮਨ ਸਿੰਘ ਦੇ ਬੇਟੇ 'ਤੇ ਮਾਮਲਾ ਦਰਜ

ਛੱਤੀਸਗੜ੍ਹ ਦੇ ਸਾਬਕਾ ਸੀ. ਐੈੱਮ. ਰਮਨ ਸਿੰਘ ਦੇ ਬੇਟੇ ਅਭਿਸ਼ੇਕ ਸਿੰਘ ਸਣੇ 20 ਲੋਕਾਂ ਦੇ ਖਿਲਾਫ ਘਪਲੇਬਾਜ਼ੀ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ 'ਚ ਅਭਿਸ਼ੇਕ ਸਿੰਘ ਤੋਂ ਇਲਾਵਾ ਰਾਜਨਾਂਦਗਾਂਵ ਦੇ ਸਾਬਕਾ ਸੰਸਦ ਮੈਂਬਰ ਮਧੂਸੂਦਨ ਯਾਦਵ ਅਤੇ ਕਾਂਗਰਸ ਆਗੂ ਨਰੇਸ਼ ਡਾਕਲੀਆ ਵੀ ਸ਼ਾਮਲ ਹੈ। ਪੁਲਸ ਨੇ ਦੱਸਿਆ ਕਿ ਅੰਬਿਕਾਪੁਰ ਦੇ ਰਹਿਣ ਵਾਲੇ ਇਕ ਕਿਸਾਨ ਦੀ ਸ਼ਿਕਾਇਤ 'ਤੇ ਅਭਿਸ਼ੇਕ ਸਿੰਘ ਸਣੇ 20 ਲੋਕਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਅਨਮੋਲ ਇੰਡੀਆ ਨਾਮੀ ਚਿਟ ਫੰਡ ਕੰਪਨੀ 'ਤੇ ਲੋਕਾਂ ਨੂੰ ਯਕੀਨ ਸੀ ਕਿ ਉਹ ਕੰਪਨੀ ਅਭਿਸ਼ੇਕ ਸਿੰਘ ਦੀ ਹੈ। ਅਭਿਸ਼ੇਕ ਸਿੰਘ ਖੁਦ ਕੰਪਨੀ ਦਾ ਪ੍ਰਚਾਰ ਕਰ ਕੇ ਨਿਵੇਸ਼ਕਾਂ ਨੂੰ ਪੈਸਾ ਲਾਉਣ ਲਈ ਕਹਿੰਦੇ ਸਨ। ਉਸ ਦੇ ਭਰੋਸੇ 'ਤੇ ਹੀ ਲੋਕਾਂ ਨੇ ਲੱਖਾਂ ਰੁਪਏ ਇਸ ਚਿਟ ਫੰਡ ਕੰਪਨੀ 'ਚ ਲਾਏ ਸਨ। ਕੰਪਨੀ ਦਾ ਸੰਚਾਲਨ ਛੱਤੀਸਗੜ੍ਹ ਤੋਂ ਕੀਤਾ ਗਿਆ ਸੀ। ਅਨਮੋਲ ਇੰਡੀਆ ਨਿਵੇਸ਼ਕਾਂ ਤੋਂ ਕੁਝ ਮਹੀਨਿਆਂ 'ਚ ਪੈਸਾ ਦੋਗੁਣਾ ਕਰਨ ਦਾ ਭਰੋਸਾ ਦਿੰਦੀ ਸੀ। ਕੰਪਨੀ ਨੇ 2016 'ਚ ਹੀ ਸਾਰਾ ਆਪਣਾ ਸਾਮਾਨ ਸਮੇਟ ਲਿਆ ਸੀ। ਕੰਪਨੀ ਨੇ ਤਕਰੀਬਨ 400 ਤੋਂ ਜ਼ਿਆਦਾ ਲੋਕਾਂ ਨਾਲ ਧੋਖਾ ਕੀਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕੰਪਨੀ 'ਚ ਕਈ ਲੋਕਾਂ ਦੇ ਲੱਖਾਂ ਰੁਪਏ ਫਸੇ ਹੋਣ ਦਾ ਖਦਸ਼ਾ ਹੈ।

2. ਜਬਰ-ਜ਼ਨਾਹ
ਕੇਰਲ ਮਾਕਪਾ ਸਕੱਤਰ ਦੇ ਬੇਟੇ ਨੂੰ ਨੋਟਿਸ

ਮੁੰਬਈ ਪੁਲਸ ਨੇ ਕੇਰਲ ਮਾਕਪਾ ਸਕੱਤਰ ਕੋਡੀਯੇਰੀ ਬਾਲਾਕ੍ਰਿਸ਼ਣਨ ਦੇ ਵੱਡੇ ਬੇਟੇ ਬਿਨਾਏ ਕੋਡੀਯੇਰੀ ਨੂੰ ਇਕ ਨੋਟਿਸ ਦੇ ਕੇ ਉਸ ਖਿਲਾਫ ਜਬਰ-ਜ਼ਨਾਹ ਤੇ ਘਪਲੇਬਾਜ਼ੀ ਦੇ ਮਾਮਲੇ 'ਚ 72 ਘੰਟੇ ਦੇ ਅੰਦਰ ਉਨ੍ਹਾਂ ਨੂੰ ਜਾਂਚ ਅਧਿਕਾਰੀ ਦੇ ਸਾਹਮਣੇ ਹੋਣ ਨੂੰ ਕਿਹਾ ਹੈ। ਬਿਹਾਰ ਦੀ ਔਰਤ ਦੀ ਸ਼ਿਕਾਇਤ ਦੀ ਜਾਂਚ ਦੇ ਤਹਿਤ ਮੁੰਬਈ ਪੁਲਸ ਦੀ ਟੀਮ ਬੁੱਧਵਾਰ ਨੂੰ ਜਾਂਚ ਲਈ ਕੰਨੂਰ ਪਹੁੰਚੀ ਸੀ। ਔਰਤ ਨੇ ਦੋਸ਼ ਲਾਇਆ ਹੈ ਕਿ ਬਿਨਾਏ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਔਰਤ ਦਾ ਦਾਅਵਾ ਹੈ ਕਿ ਬਿਨਾਏ ਤੋਂ ਉਸ ਦਾ 8 ਸਾਲ ਦਾ ਬੱਚਾ ਵੀ ਹੈ।

3. ਗੋਲੀਕਾਂਡ
ਕੇਂਦਰੀ ਮੰਤਰੀ ਦੇ ਬੇਟੇ ਨੂੰ ਭੇਜਿਆ ਜੇਲ

ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲੇ ਦੇ ਗੋਟੇਗਾਂਵ ਥਾਣਾ ਖੇਤਰ 'ਚ ਗੋਲੀਕਾਂਡ ਮਾਮਲੇ 'ਚ ਗ੍ਰਿਫਤਾਰ ਕੇਂਦਰੀ ਮੰਤਰੀ ਪ੍ਰਹਿਲਾਦ ਪਟੇਲ ਦੇ ਬੇਟੇ ਪ੍ਰਬਲ ਪਟੇਲ ਨੂੰ ਅੱਜ ਜੇਲ ਭੇਜ ਦਿੱਤਾ ਗਿਆ। ਇਸ ਮਾਮਲੇ 'ਚ ਪ੍ਰਬਲ ਸਣੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ 'ਚ 6 ਨੂੰ ਕਲ ਹੀ ਜੇਲ ਭੇਜ ਦਿੱਤਾ ਗਿਆ, ਜਦਕਿ ਪ੍ਰਬਲ ਨੂੰ ਰਿਮਾਂਡ 'ਤੇ ਲਿਆ ਗਿਆ ਸੀ। ਪ੍ਰਬਲ ਪਟੇਲ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਜੇਲ ਭੇਜ ਦਿੱਤਾ ਗਿਆ ਹੈ।

4. ਦਬੰਗਈ
ਭਾਜਪਾ ਵਿਧਾਇਕ ਦਾ ਬੇਟਾ ਗ੍ਰਿਫਤਾਰ

ਮੱਧ ਪ੍ਰਦੇਸ਼ ਦੇ ਹਰਦਾ ਜ਼ਿਲੇ 'ਚ ਇਕ ਕਾਂਗਰਸ ਨੇਤਾ ਨੂੰ ਧਮਕਾਉਣ ਅਤੇ ਅਭੱਦਰਤਾ ਕਰਨ ਦੇ ਮਾਮਲੇ 'ਚ ਭਾਜਪਾ ਵਿਧਾਇਕ ਕਮਲ ਪਟੇਲ ਦੇ ਬੇਟੇ ਅਤੇ ਪਾਰਟੀ ਨੇਤਾ ਸੁਦੀਪ ਪਟੇਲ ਨੂੰ ਅੱਜ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸੁਦੀਪ ਦੀ ਗ੍ਰਿਫਤਾਰੀ 'ਤੇ ਪੁਲਸ ਪ੍ਰਸ਼ਾਸਨ ਨੇ 25 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਦੋਸ਼ ਹੈ ਕਿ ਸੁਦੀਪ ਪਟੇਲ ਨੇ 28 ਅਪ੍ਰਲ ਨੂੰ ਇਕ ਸਥਾਨਕ ਕਾਂਗਰਸ ਨੇਤਾ ਤੇ ਬੁਲਾਰਾ ਸੁਖਰਾਮ ਬਾਮਨੇ ਨੂੰ ਮੋਬਾਇਲ 'ਤੇ ਧਮਕਾਉਣ ਦੇ ਨਾਲ ਜਾਤੀਸੂਚਕ ਸ਼ਬਦਾਂ ਨਾਲ ਅਭੱਦਰਤਾ ਕੀਤੀ ਸੀ।

KamalJeet Singh

This news is Content Editor KamalJeet Singh