ਜੰਮੂ ਕਸ਼ਮੀਰ ''ਚ ਲਸ਼ਕਰ ਮਾਡਿਊਲ ਦਾ ਭਾਂਡਾ ਭੱਜਾ, 7 ਗ੍ਰਿਫ਼ਤਾਰ, ਹਥਿਆਰ ਤੇ ਗੋਲਾ-ਬਾਰੂਦ ਦਾ ਜ਼ਖੀਰਾ ਬਰਾਮਦ

07/19/2022 9:52:33 AM

ਜੰਮੂ (ਅਰੁਣ, ਰਮੇਸ਼, ਉਦੈ)- ਜੰਮੂ ਪੁਲਸ ਵਲੋਂ ਡਵੀਜ਼ਨ ਵਿਚ ਸਰਗਰਮ 3 ਅੱਤਵਾਦੀ ਮਾਡਿਊਲ ਦਾ ਭਾਂਡਾ ਭੰਨ੍ਹਦੇ ਹੋਏ ਲਸ਼ਕਰ ਦੇ 7 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਏ. ਡੀ. ਜੀ. ਪੀ. ਮੁਕੇਸ਼ ਸਿੰਘ ਨੇ ਦੱਸਿਆ ਕਿ ਜੰਮੂ ਵਿਚ ਢਹਿ-ਢੇਰੀ ਹੋਏ ਅੱਤਵਾਦੀ ਮਾਡਿਊਲ ਦਾ ਮਾਸਟਰਮਾਈਂਡ ਤਾਲਾਬ ਖਟੀਕਾਂ ਵਾਸੀ ਫੈਸਲ ਮੁਨੀਰ ਹੈ। ਫੈਸਲ ਮੁਨੀਰ ਦੇ ਨਾਲ ਇਨ੍ਹਾਂ ਸਰਗਰਮੀਆਂ ਵਿਚ 4-5 ਹੋਰ ਲੋਕ ਸ਼ਾਮਲ ਸਨ, ਜਿਨ੍ਹਾਂ ਵਿਚ ਸਾਂਬਾ ਅਤੇ ਕਠੁਆ ਦੇ ਹਬੀਬ ਅਤੇ ਮੀਆਂ ਸੋਹਲੇ ਵੀ ਸ਼ਾਮਲ ਹਨ। ਮੁਨੀਰ ਦੀ ਨਿਸ਼ਾਨਦੇਹੀ ’ਤੇ ਪੁਲਸ ਵਲੋਂ ਉਸ ਦੇ ਘਰੋਂ 1 ਏ. ਕੇ. 47 ਰਾਈਫਲ, 5 ਪਿਸਤੌਲ, 8 ਗ੍ਰੇਨੇਡ, 1 ਵਜ਼ਨ ਤੋਲਣ ਵਾਲੀ ਮਸ਼ੀਨ ਅਤੇ ਭਾਰੀ ਮਾਤਰਾ ਵਿਚ ਗੋਲਾ-ਬਾਰੂਦ ਬਰਾਮਦ ਕੀਤਾ ਹੈ। 7 ਸਟਿਕੀ ਬੰਬ ਅਤੇ 7 ਮਲਟੀ ਗ੍ਰੇਡ ਲਾਂਚਰ ਬਰਾਮਦ ਹੋਏ ਸਨ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਇਕ ਹੱਥਗੋਲੇ 'ਚ ਵਿਸਫ਼ੋਟ ਹੋਣ ਨਾਲ ਫ਼ੌਜ ਦੇ ਕੈਪਟਨ, ਜੇ.ਸੀ.ਓ. ਸ਼ਹੀਦ

ਓਧਰ ਸੁਰੱਖਿਆ ਫੋਰਸਾਂ ਨੂੰ ਜ਼ਿਲਾ ਰਾਮਬਨ ਦੇ ਹੜਵਾਗਨ ਬੁਜਲਾ ਤਹਿਸੀਲ ਖਾਰੀ ਦੇ ਜੰਗਲਾਤ ਖੇਤਰ ਵਿਚ ਹਥਿਆਰਾਂ ਅਤੇ ਗੋਲਾ-ਬਾਰੂਦ ਨਾਲ ਸੰਬੰਧਤ ਸੂਚਨਾ ਪ੍ਰਾਪਤ ਹੋਈ, ਜਿਸ ’ਤੇ ਕਾਰਵਾਈ ਕਰਦੇ ਹੋਏ ਜੰਮੂ-ਕਸ਼ਮੀਰ ਪੁਲਸ (ਪੁਲਸ ਪੋਸਟ ਖਾਰੀ) ਅਤੇ ਫੌਜ ਦੀ 23 ਆਰ. ਆਰ. ਨੇ ਖੇਤਰ ਵਿਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਫੋਰਸਾਂ ਵਲੋਂ ਬਰਾਮਦ ਕੀਤੇ ਗਏ ਹਥਿਆਰਾਂ ਤੇ ਗੋਲਾ-ਬਾਰੂਦ ਵਿਚ 35 ਰਾਊਂਡ ਏ. ਕੇ. 47, ਪਿਕਾ ਏ. ਐੱਮ.-7 ਰਾਊਂਡ 9 ਐੱਮ. ਐੱਮ., 2 ਮੈਗਜ਼ੀਨ ਏ. ਕੇ.-47, ਪਾਲੀਥੀਨ ਵਿਚ ਲਗਭਗ 1 ਕਿਲੋਗ੍ਰਾਮ ਵਿਸਫੋਟਕ ਸਮੱਗਰੀ, ਤਾਰ ਦੇ ਨਾਲ ਆਈ. ਈ. ਡੀ. ਉਪਕਰਣ ਸਮੇਤ ਹੋਰ ਸਾਮਾਨ ਬਰਾਮਦ ਹੋਇਆ ਹੈ। ਉਥੇ ਹੀ ਸ਼੍ਰੀਨਗਰ ਪੁਲਸ ਨੇ ਤਕਨੀਕੀ ਇਨਪੁਟ ਦੇ ਆਧਾਰ ’ਤੇ ਇਕ ਵਿਅਕਤੀ ਜਾਹਿਦ ਅਹਿਮਦ ਮੀਰ ਵਾਸੀ ਅਗਨੀਨਾਥ ਬੀਰਵਾਹ ਬਡਗਾਮ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ 6 ਕਿਲੋ ਆਈ. ਈ. ਡੀ. ਬਰਾਮਦ ਕੀਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha