ਲੈਂਡਰ ਨਾਲ ਨਹੀਂ ਹੋ ਰਿਹਾ ਸੰਪਰਕ, ਇਸਰੋ ਚੀਫ ਬੋਲੇ- ਹੁਣ ਗਗਨਯਾਨ ਮਿਸ਼ਨ ਸਾਡੀ ਪਹਿਲ

09/21/2019 11:15:40 AM

ਨਵੀਂ ਦਿੱਲੀ— ਮਿਸ਼ਨ ਚੰਦਰਯਾਨ-2 ਤੋਂ ਬਾਅਦ ਹੁਣ ਪੁਲਾੜ ਖੋਜ ਸੰਗਠਨ (ਇਸਰੋ) ਗਗਨਯਾਨ ਮਿਸ਼ਨ 'ਤੇ ਫੋਕਸ ਕਰੇਗੀ। ਇਸਰੋ ਚੀਫ ਕੇ. ਸੀਵਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਦਰਯਾਨ-2 ਦੇ ਲੈਂਡਰ ਨਾਲ ਸੰਪਰਕ ਨਹੀਂ ਹੋ ਸਕਿਆ ਹੈ ਅਤੇ ਏਜੰਸੀ ਦਾ ਧਿਆਨ ਹੁਣ ਭਾਰਤ ਦੇ ਸਪੇਸ ਮਿਸ਼ਨ 'ਗਗਨਯਾਨ' 'ਤੇ ਹੈ। ਸੀਵਾਨ ਦੇ ਇਸ ਬਿਆਨ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਹੁਣ ਵਿਕਰਮ ਨਾਲ ਸੰਪਰਕ ਦੀ ਕੋਈ ਸੰਭਾਵਨਾ ਨਹੀਂ ਰਹਿ ਗਈ ਹੈ। ਜ਼ਿਕਰਯੋਗ ਹੈ ਕਿ ਲੈਂਡਰ ਦਾ ਜੀਵਨਕਾਲ ਚੰਨ ਦੇ ਇਕ ਦਿਨ ਯਾਨੀ ਧਰਤੀ ਦੇ 14 ਦਿਨ ਦੇ ਬਰਾਬਰ ਹੈ। 7 ਸਤੰਬਰ ਨੂੰ ਤੜਕੇ 'ਸਾਫਟ ਲੈਂਡਿੰਗ' 'ਚ ਅਸਫ਼ਲ ਰਹਿਣ 'ਤੇ ਚੰਨ 'ਤੇ ਡਿੱਗੇ ਲੈਂਡਰ ਦਾ ਜੀਵਨਕਾਲ ਸ਼ਨੀਵਾਰ ਨੂੰ ਖਤਮ ਹੋ ਗਿਆ, ਕਿਉਂਕਿ 7 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਚੰਨ ਦਾ ਇਕ ਦਿਨ ਪੂਰਾ ਹੋਣ ਤੋਂ ਬਾਅਦ ਸ਼ਨੀਵਾਰ ਤੜਕੇ ਚੰਨ 'ਤੇ ਰਾਤ ਹੋ ਜਾਵੇਗੀ। ਸੀਵਾਨ ਨੇ ਵੀ ਹੁਣ ਗਗਨਯਾਨ ਨੂੰ ਪਹਿਲ ਦੱਸਦੇ ਹੋਏ ਇਹ ਸੰਕੇਤ ਦੇ ਦਿੱਤੇ ਹਨ ਕਿ ਵਿਕਰਮ ਨਾਲ ਸੰਪਰਕ ਦੀਆਂ ਉਮੀਦਾਂ ਟੁੱਟ ਚੁਕੀਆਂ ਹਨ।

ਸੀਵਾਨ ਨੇ ਇਹ ਵੀ ਦੱਸਿਆ ਕਿ ਆਰਬਿਟਰ ਆਪਣਾ ਕੰਮ ਕਰ ਰਿਹਾ ਹੈ। ਉਸ 'ਚ ਮੌਜੂਦ 8 ਯੰਤਰ ਆਪਣਾ-ਆਪਣਾ ਕੰਮ ਕਰ ਰਹੇ ਹਨ। ਉਨ੍ਹਾਂ ਨੇ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਵਿਗਿਆਨੀ ਉਨ੍ਹਾਂ ਨੂੰ ਦੇਖ ਰਹੇ ਹਨ। ਦੱਸਣਯੋਗ ਹੈ ਕਿ ਆਰਬਿਟਰ 'ਤੇ 8 ਐਡਵਾਂਸਡ ਪੇਲੋਡ ਹਨ, ਜੋ ਚੰਨ ਦੀ 3-ਡੀ ਮੈਪਿੰਗ ਕਰ ਰਹੇ ਹਨ ਅਤੇ ਦੱਖਣੀ ਧਰੁਵ 'ਤੇ ਪਾਣੀ, ਬਰਫ਼ ਅਤੇ ਮਿਨਰਲਜ਼ ਲੱਭ ਰਹੇ ਹਨ। ਆਰਬਿਟਰ ਦਾ ਜੀਵਨਕਾਲ ਇਕ ਸਾਲ ਤੈਅ ਕੀਤੀ ਗਈ ਸੀ ਪਰ ਬਾਅਦ 'ਚ ਇਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਇਸ 'ਚ ਇੰਨਾ ਐਡੀਸ਼ਨਲ ਫਿਊਲ ਹੈ ਕਿ ਇਹ ਲਗਭਗ 7 ਸਾਲ ਤੱਕ ਕੰਮ ਕਰ ਸਕਦਾ ਹੈ।


DIsha

Content Editor

Related News