ਸਿਆਚਿਨ ਦੇ ਹੀਰੋ ਸ਼ਹੀਦ ਹਨੂੰਮਨਥੱਪਾ ਨੂੰ ਸਲਾਮ

02/11/2016 6:06:50 PM

ਨਵੀਂ ਦਿੱਲੀ— ਸਿਆਚਿਨ ''ਚ ਬਰਫ ਹੇਠਾਂ 6 ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਜੰਗ ਹੁੰਦੀ ਹੈ। ਆਖਰਕਾਰ 6 ਦਿਨਾਂ ਤੱਕ ਦੱਬੇ ਰਹਿਣ ਤੋਂ ਬਾਅਦ ਚਮਤਕਾਰ ਹੁੰਦਾ ਹੈ। ਖੋਜ ਤੇ ਬਚਾਅ ਮੁਹਿੰਮ ਦੌਰਾਨ ਬਰਫ ਨੂੰ ਚੀਂਰ ਕੇ ਇਕ ਜਵਾਨ ਜ਼ਿੰਦਾ ਬਾਹਰ ਕੱਢ ਲਿਆ ਗਿਆ, ਜਿਸ ਦਾ ਨਾਂ ਸੀ ਹਨੂੰਮਨਥੱਪਾ ਕੋਪੱੜ। ਹਨੂੰਮਨਥੱਪਾ ਦੇ ਹੌਸਲੇ ਨੂੰ ਸਲਾਮ, ਜੋ ਕਿ ਜ਼ਿੰਦਗੀ ਦੀ ਲੜਾਈ ਲੜਦਾ ਰਿਹਾ ਤੇ ਉਸ ਨੇ ਦਿੱਲੀ ਦੇ ਆਰਮੀ ਹਸਪਤਾਲ ''ਚ ਆਖਰੀ ਸਾਹ ਲਿਆ। ਉਸ ਦੀ ਸ਼ਹਾਦਤ ਨੂੰ ਪੀੜ੍ਹੀਆਂ ਤਕ ਯਾਦ ਕੀਤਾ ਜਾਵੇਗਾ। ਭਾਵੇਂ ਉਹ ਸਾਡੇ ਵਿਚ ਨਹੀਂ ਰਹੇ ਪਰ ਉਸ ਨੇ ਆਪਣੇ ਸਾਹਸ ਤੇ ਦਲੇਰੀ ਨੇ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ ਹੈ। 
ਦੱਸਣ ਯੋਗ ਹੈ ਕਿ ਸਿਆਚਿਨ ਗਲੇਸ਼ੀਅਰ ''ਚ ਬਰਫ ਖਿਸਕਣ ਕਾਰਨ ਇਕ ਚੌਕੀ ਬਰਫ ਦੀ ਲਪੇਟ ''ਚ ਆ ਗਈ, ਜਿਸ ਕਾਰਨ ਉਸ ''ਚ ਸਾਡੇ 10 ਜਵਾਨ ਜ਼ਿੰਦਾ ਦਫਨ ਹੋ ਗਏ। 9 ਜਵਾਨਾਂ ਦੀ ਤਾਂ ਮੌਤ ਹੋ ਗਈ, ਇਨ੍ਹਾਂ ''ਚੋਂ ਹਨੂੰਮਨਥੱਪਾ ਇਕ ਅਜਿਹਾ ਸੀ ਜਿਸ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। 3 ਫਰਵਰੀ ਨੂੰ ਬਰਫ ਹੇਠਾਂ ਜਵਾਨ ਦੱਬੇ ਗਏ ਸਨ। ਸਿਆਚਿਨ ਗਲੇਸ਼ੀਅਰ ''ਚ 19,500 ਫੁੱਟ ਦੀ ਉੱਚਾਈ ''ਤੇ ਜਵਾਨ ਤਾਇਨਾਤ ਸਨ, ਜਿੱਥੇ ਬਰਫ ਖਿਸਕ ਗਈ ਅਤੇ ਬਰਫ ਹੇਠਾਂ ਦੱਬੇ ਜਾਣ ਕਾਰਨ ਜਵਾਨ ਮੌਤ ਦੀ ਨੀਂਦ ਸੌਂ ਗਏ। 
ਆਓ ਜਾਣਦੇ ਹਾਂ ਹਨੂੰਮਨਥੱਪਾ ਬਾਰੇ—
ਮਦਰਾਸ ਰੈਜੀਮੈਂਟ ਦੇ 33 ਸਾਲ ਦੇ ਜਵਾਨ ਹਨੂੰਮਨਥੱਪਾ ਕਰਨਾਟਕ ਦੇ ਧਾਰਵਾੜ ਦੇ ਬੇਟਾਦੂਰ ਪਿੰਡ ਦੇ ਰਹਿਣ ਵਾਲੇ ਸਨ। ਉਹ 13 ਸਾਲ ਪਹਿਲਾਂ ਫੌਜ ''ਚ ਭਰਤੀ ਹੋਏ ਸਨ। ਮੌਤ ਨੂੰ ਮਾਤ ਦੇਣ ''ਚ ਸਫਲ ਰਹੇ ਤਾਂ ਉਨ੍ਹਾਂ ਨੂੰ ''ਚਮਤਕਾਰੀ ਮਾਨਵ'' ਦਾ ਨਾਂ ਦਿੱਤਾ ਗਿਆ। ਹਨੂੰਮਨਥੱਪਾ ਆਪਣੇ ਪਿੱਛੇ ਆਪਣੀ ਪਤਨੀ ਮਹਾਦੇਵੀ ਕੋਪੱੜ ਅਤੇ ਦੋ ਸਾਲ ਦੇ ਬੇਟੀ ਨੇਤਰਾ ਕੋਪੱੜ ਛੱਡ ਗਏ ਹਨ। 
ਇੰਝ ਮਿਲੀ ਜ਼ਿੰਦਗੀ ਤੇ ਫਿਰ ਮੌਤ ਤੋਂ ਹਾਰੀ ਜ਼ਿੰਦਗੀ
ਤਿੰਨ ਫਰਵਰੀ ਨੂੰ ਸਿਆਚਿਨ ''ਚ ਬਰਫ ਖਿਸਕਣ ਕਾਰਨ ਬਰਫੀਲੇ ਤੂਫਾਨ ਵਿਚ 10 ਜਵਾਨ ਲਾਪਤਾ ਹੋ ਗਏ ਸਨ। ਜਿਸ ਤੋਂ ਬਾਅਦ ਆਰਮੀ ਨੇ ਬਚਾਅ ਤੇ ਖੋਜ ਮੁਹਿੰਮ ਸ਼ੁਰੂ ਕੀਤੀ। ਤਕਰੀਬਨ 6 ਦਿਨਾਂ ਬਾਅਦ ਬਚਾਅ ਦਲ ਨੂੰ 10 ''ਚੋਂ ਸਿਰਫ ਇਕ ਜਵਾਨ ਹਨੂੰਮਨਥੱਪਾ ਜ਼ਿੰਦਾ ਮਿਲਿਆ। 
ਹਨੂੰਮਨਥੱਪਾ ਉਸ ਥਾਂ ਤੋਂ ਮਿਲੇ ਜਿੱਥੇ ਮਾਈਨਸ 45 ਡਿਗਰੀ ਤਾਪਮਾਨ ਸੀ ਅਤੇ 35 ਫੁੱਟ ਮੋਟੀ ਬਰਫ ਦੀ ਪਰਤ ਤੋਂ ਉਹ ਬਾਹਰ ਕੱਢੇ ਗਏ। ਜਿਸ ਤੋਂ ਬਾਅਦ ਉਨ੍ਹਾਂ ਨੂੰ ਬੇਸ ਕੈਂਪ ਲਿਆਂਦਾ ਗਿਆ। ਹਾਲਤ ਵਿਗੜਨ ''ਤੇ ਉਨ੍ਹਾਂ ਨੂੰ ਦਿੱਲੀ ਦੇ ਆਰਮੀ ਹਸਪਤਾਲ ਪਹੁੰਚਾਇਆ ਗਿਆ। ਜਿੱਥੇ 10 ਫਰਵਰੀ ਨੂੰ ਉਨ੍ਹਾਂ ਦੇ ਸਰੀਰ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਉਹ ਕੋਮਾ ਵਿਚ ਸਨ। 11 ਫਰਵਰੀ ਨੂੰ ਸਵੇਰੇ 11 ਵਜ ਕੇ 45 ਮਿੰਟ ''ਤੇ ਜਵਾਨ ਨੇ ਆਖਰੀ ਸਾਹ ਲਿਆ ਤੇ ਹਮੇਸ਼ਾ ਲਈ ਸਾਨੂੰ ਅਲਵਿਦਾ ਕਹਿ ਗਏ।

Tanu

This news is News Editor Tanu