ਲਖੀਮਪੁਰ ਹਿੰਸਾ ’ਤੇ ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ਹਜ਼ਾਰਾਂ ਦੀ ਭੀੜ ’ਚ ਸਿਰਫ਼ 23 ਚਸ਼ਮਦੀਦ ਹੀ ਮਿਲੇ?

10/26/2021 1:48:07 PM

ਨਵੀਂ ਦਿੱਲੀ—ਲਖੀਮਪੁਰ ਖੀਰੀ ਹਿੰਸਾ ਮਾਮਲੇ ’ਤੇ ਅੱਜ ਯਾਨੀ ਕਿ ਮੰਗਲਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਪਰੀਮ ਕੋਰਟ ਨੇ ਲਖੀਮਪੁਰ ਖੀਰੀ ਕਤਲਕਾਂਡ ਮਾਮਲੇ ਵਿਚ ਉੱਤਰ ਪ੍ਰਦੇਸ਼ ਸਰਕਾਰ ਦੇ ਢਿੱਲੇ ਰਵੱਈਏ ’ਤੇ ਮੰਗਲਵਾਰ ਨੂੰ ਇਕ ਵਾਰ ਫਿਰ ਕਈ ਸਵਾਲ ਖੜ੍ਹੇ ਕੀਤੇ। ਅਦਾਲਤ ਨੇ ਇਸ ਦੇ ਨਾਲ ਹੀ ਗਵਾਹਾਂ ਨੂੰ ਉੱਚਿਤ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਜਾਂਚ ’ਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ। ਚੀਫ਼ ਜਸਟਿਸ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਗਵਾਹਾਂ ਦੇ ਬਿਆਨ ਸੀ. ਆਰ. ਪੀ. ਸੀ. ਦੀ ਧਾਰਾ-164 ਤਹਿਤ ਦਰਜ ਕਰਾਉਣ ’ਚ ਤੇਜ਼ੀ ਲਿਆਉਣ ਦਾ ਹੁਕਮ ਦਿੱਤਾ।

ਓਧਰ ਸੁਪਰੀਮ ਕੋਰਟ ’ਚ ਇਸੇ ਸੁਣਵਾਈ ਦੌਰਾਨ ਘਟਨਾ ਵਿਚ ਮਾਰੇ ਗਏ ਸ਼ਿਆਮ ਸੁੰਦਰ ਦੀ ਵਿਧਵਾ ਰੂਬੀ ਦੇਵੀ ਵਲੋਂ ਪੇਸ਼ ਵਕੀਲ ਅਰੁਣ ਭਾਰਦਵਾਜ ਨੇ ਇਨਸਾਫ਼ ਦੀ ਗੁਹਾਰ ਲਾਈ। ਇਸ ਮਾਮਲੇ ਵਿਚ ਮਾਰੇ ਗਏ ਪੱਤਰਕਾਰ ਦੇ ਪਰਿਵਾਰ ਨੇ ਵੀ ਨਿਆਂ ਦੀ ਮੰਗ ਕੀਤੀ ਹੈ। ਇਸ ’ਤੇ ਜਸਟਿਸ ਨੇ ਇਸ ਮਾਮਲੇ ਵਿਚ ਵੱਖ ਤੋਂ ਸਟੇਟਸ ਰਿਪੋਰਟ ਦੇਣ ਦਾ ਹੁਕਮ ਸਰਕਾਰ ਨੂੰ ਦਿੱਤਾ ਹੈ। ਅਦਾਲਤ ਨੇ ਯੂ. ਪੀ. ਸਰਕਾਰ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੂੰ ਇਸ ਮਾਮਲੇ ਵਿਚ ਵੱਖ ਤੋਂ ਜਵਾਬ ਦਾਖ਼ਲ ਕਰਨ ਨੂੰ ਕਿਹਾ ਹੈ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ 8 ਨਵੰਬਰ ਤੈਅ ਕਰਦੇ ਹੋਏ ਸੂਬੇ ਨੂੰ ਮਾਮਲੇ ਵਿਚ ਵੱਖ-ਵੱਖ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ : ਲਖੀਮਪੁਰ ਕਤਲਕਾਂਡ ਦੀ ਜਾਂਚ ਮਾਮਲੇ ’ਚ UP ਸਰਕਾਰ ਨੂੰ ਸੁਪਰੀਮ ਕੋਰਟ ਨੇ ਫਿਰ ਪਾਈ ਝਾੜ

ਸੁਣਵਾਈ ਦੌਰਾਨ ਜਸਟਿਸ ਸੂਰਈਆਕਾਂਤ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਮਾਮਲੇ ਵਿਚ ਸਬੂਤ ਜਮਾਂ ਕਰਨ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਲਈ ਮਾਮਲੇ ਵਿਚ ਡਿਜੀਟਲ ਸਬੂਤ ਦੀ ਜਾਂਚ ਕਰਨ ਵਾਲੀ ਫੋਰੈਂਸਿਕ ਲੈਬੋਰਟਰੀ ਦੀ ਵੀ ਮੰਗ ਕੀਤੀ। ਬੈਂਚ ਨੇ ਹੈਰਾਨੀ ਵੀ ਜ਼ਾਹਰ ਕੀਤੀ ਕਿ 4,000-5,000 ਲੋਕਾਂ ਦੀ ਭੀੜ ’ਚ ਸਿਰਫ 23 ਲੋਕ ਹੀ ਇਸ ਘਟਨਾ ਦੇ ਚਸ਼ਮਦੀਦ ਹਨ, ਜਿੱਥੇ ਕਾਰ ਜ਼ਰੀਏ ਕਿਸਾਨਾਂ ਨੂੰ ਕੁਚਲਿਆ ਗਿਆ ਸੀ। ਚੀਫ਼ ਜਸਟਿਸ ਨੇ ਸਵਾਲ ਕੀਤਾ ਕਿ ਰੈਲੀ ’ਚ ਸੈਂਕੜੇ ਕਿਸਾਨ ਸਨ, ਉੱਥੇ ਸਿਰਫ 23 ਲੋਕ ਹੀ ਸਨ? ਚੀਫ਼ ਜਸਟਿਸ ਨੇ ਕਿਹਾ ਕਿ ਹਰ ਪਹਿਲੂ ਅਤੇ ਸੰਭਾਵਨਾ ਨੂੰ ਲੱਭੋ ਅਤੇ ਜਾਂਚ ਨੂੰ ਅੱਗੇ ਵਧਾਓ। ਸਾਲਵੇ ਨੇ ਕਿਹਾ ਕਿ 68 ਵਿਚੋਂ 30 ਗਵਾਹਾਂ ਨੇ 164 ਸੀ. ਆਰ. ਪੀ. ਸੀ. ਤਹਿਤ ਆਪਣੇ ਬਿਆਨ ਦਰਜ ਕੀਤੇ ਹਨ। ਇਨ੍ਹਾਂ ’ਚੋਂ 23 ਚਸ਼ਮਦੀਦ ਹਨ। ਸਾਲਵੇ ਨੇ ਕਿਹਾ ਕਿ ਮੈਂ ਇਸ ਮਾਮਲੇ ਨਾਲ ਸਬੰਧਤ ਸਬੂਤ ਸੀਲ-ਬੰਦ ਲਿਫ਼ਾਫੇ ਵਿਚ ਦਾਖਲ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ 16 ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਮਾਮਲਾ: ਸੁਪਰੀਮ ਕੋਰਟ ਦਾ UP ਸਰਕਾਰ ਨੂੰ ਸਵਾਲ- ‘ਕਿੰਨੇ ਮੁਲਜ਼ਮ ਗਿ੍ਰਫ਼ਤਾਰ ਹੋਏ?’

ਦੱਸਣਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ 3 ਅਕਤੂਬਰ 2021 ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਇਕ ਪ੍ਰੋਗਰਾਮ ਦੌਰਾਨ 4 ਕਿਸਾਨਾਂ ਦੀ ਕਾਰ ਨਾਲ ਕੁਚਲਣ ਨਾਲ ਮੌਤ ਹੋ ਗਈ ਸੀ। ਇਸ ਤੋਂ ਬਾਅਦ ਭੜਕੀ ਹਿੰਸਾ ਵਿਚ 4 ਹੋਰ ਲੋਕ ਮਾਰੇ ਗਏ ਸਨ। ਇਸ ਵਿਚ ਕਾਰ ਡਰਾਈਵਰ ਵੀ ਸ਼ਾਮਲ ਹੈ। ਘਟਨਾ ਵਿਚ ਭਾਜਪਾ ਦੇ ਦੋ ਵਰਕਰਾਂ ਦੀ ਵੀ ਮੌਤ ਹੋ ਗਈ ਸੀ। ਮਰਨ ਵਾਲਿਆਂ ’ਚ ਸ਼ਿਆਮ ਸੁੰਦਰ ਅਤੇ ਇਕ ਪੱਤਰਕਾਰ ਵੀ ਸ਼ਾਮਲ ਹੈ। ਕਿਸਾਨਾਂ ਨੂੰ ਕਾਰ ਨਾਲ ਕੁਚਲਣ ਦੇ ਮਾਮਲੇ ਵਿਚ ਦੋਸ਼ੀਆਂ ’ਚ ਸ਼ਾਮਲ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਸਮੇਤ ਕਈ ਦੋਸ਼ੀਆਂ ਨੂੰ ਪੁਲਸ ਨੇ ਗਿ੍ਰਫ਼ਤਾਰ ਕੀਤਾ ਹੈ।

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ

Tanu

This news is Content Editor Tanu