ਲਖੀਮਪੁਰ ਖੀਰੀ ਹਿੰਸਾ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਡੇਂਗੂ ਤੋਂ ਪੀੜਤ

10/24/2021 11:33:59 AM

ਲਖੀਮਪੁਰ ਖੀਰੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਹੋਈ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਦੀ ਘਟਨਾ ਦੇ ਮੁੱਖ ਦੋਸ਼ੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਵਧੀਕ ਪੁਲਸ ਸੁਪਰਡੈਂਟ ਅਤੇ ਤਿਕੁਨੀਆ ਮਾਮਲੇ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਦੇ ਮੈਂਬਰ ਅਰੁਣ ਕੁਮਾਰ ਸਿੰਘ ਨੇ ਐਤਵਾਰ ਨੂੰ ਆਸ਼ੀਸ਼ ਮਿਸ਼ਰਾ ਦੇ ਡੇਂਗੂ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ। 

ਤਿਕੁਨੀਆ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਉਰਫ਼ ਮੋਨੂੰ ਦੇ ਡੇਂਗੂ ਨਾਲ ਪੀੜਤ ਹੋਣ ਦੇ ਖ਼ਦਸ਼ੇ ਮਗਰੋਂ ਸ਼ਨੀਵਾਰ ਨੂੰ ਉਨ੍ਹਾਂ ਦਾ ਨਮੂਨਾ ਜਾਂਚ ਲਈ ਭੇਜਿਆ ਗਿਆ।  ਆਸ਼ੀਸ਼ ਮਿਸ਼ਰਾ ਸਮੇਤ ਤਿੰਨ ਹੋਰਨਾਂ ਨੂੰ ਪੁੱਛ-ਗਿੱਛ ਲਈ ਸ਼ੁੱਕਰਵਾਰ ਸ਼ਾਮ ਨੂੰ ਦੋ ਦਿਨ ਲਈ ਅਦਾਲਤ ਤੋਂ ਪੁਲਸ ਰਿਮਾਂਡ ’ਤੇ ਲਿਆ ਗਿਆ ਸੀ। ਇਸ ਦਰਮਿਆਨ ਸ਼ਨੀਵਾਰ ਨੂੰ ਗਿ੍ਰਫ਼ਤਾਰ ਕੀਤੇ ਗਏ ਤਿੰਨ ਦੋਸ਼ੀਆਂ ਮੋਹਿਤ ਤ੍ਰਿਵੇਦੀ, ਰਿੰਕੂ ਰਾਣਾ ਅਤੇ ਧਰਮਿੰਦਰ ਨੂੰ ਸ਼ਨੀਵਾਰ ਸ਼ਾਮ ਨੂੰ ਰਿਮਾਂਡ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਾਂਚ ਕਰਤਾਵਾਂ ਨੇ ਉਨ੍ਹਾਂ ਦੇ 14 ਦਿਨ ਦੇ ਪੁਲਸ ਰਿਮਾਂਡ ਲਈ ਬੇਨਤੀ ਦਿੱਤੀ। ਇਨ੍ਹਾਂ ਤਿੰਨਾਂ ਦੇ ਪੁਲਸ ਰਿਮਾਂਡ ਅਰਜ਼ੀ ’ਤੇ ਸੋਮਵਾਰ ਨੂੰ ਸੁਣਵਾਈ ਹੋਵੇਗੀ। 

ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ 3 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਇਕ ਬਿਆਨ ਤੋਂ ਗੁੱਸੇ ’ਚ ਆਏ ਕਿਸਾਨਾਂ ਵਲੋਂ ਮੰਤਰੀ ਦੇ ਜੱਦੀ ਪਿੰਡ ਵਿਚ ਆਯੋਜਿਤ ਸਮਾਰੋਹ ’ਚ ਉੱਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰ ਦੇ ਵਿਰੋਧ ਨੂੰ ਲੈ ਕੇ ਭੜਕੀ ਹਿੰਸਾ ’ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਆਸ਼ੀਸ਼ ਸਮੇਤ ਕਈ ਲੋਕਾਂ ਖ਼ਿਲਾਫ਼ ਕਤਲ ਸਮੇਤ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਵਿਚ ਹੁਣ ਤੱਕ 13 ਲੋਕ ਗਿ੍ਰਫ਼ਤਾਰ ਕੀਤੇ ਜਾ ਚੁੱਕੇ ਹਨ। 


Tanu

Content Editor

Related News