ਲੱਦਾਖ ਦੇ ਦ੍ਰਾਸ ਸੈਕਟਰ ’ਚ ਤੇਜ਼ੀ ਨਾਲ ਘਟਦੇ ਗਲੇਸ਼ੀਅਰ ਚਿੰਤਾ ਦਾ ਵਿਸ਼ਾ

07/12/2022 11:26:26 AM

ਨੈਸ਼ਨਲ ਡੈਸਕ– 1999 ਦੇ ਕਾਰਗਿਲ ਯੁੱਧ ਦੌਰਾਨ ਲੱਦਾਖ ਦੇ ਪ੍ਰਮੁੱਖ ਯੁੱਧ ਖੇਤਰ ਰਹੇ ਦ੍ਰਾਸ ਦੇ ਗਲੇਸ਼ੀਅਰ ਤੇਜ਼ੀ ਨਾਲ ਘਟ ਰਹੇ ਹਨ। ਇਕ ਅਧਿਐਨ ਮੁਤਾਬਕ 2020 ਤੋਂ ਅਸਲ ਕੰਟਰੋਲ ਲਾਈਨ (ਐੱਲ. ਏ. ਸੀ.) ਦੇ ਦੋਵਾਂ ਕਿਨਾਰਿਆਂ ’ਤੇ ਸੜਕ ਤੇ ਫੌਜ ਦੇ ਕੈਂਪਾਂ ਦੇ ਨਿਰਮਾਣ ਨੂੰ ਇਸ ਦਾ ਕਾਰਨ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਲਾਕੇ ’ਚ ਵਾਹਨਾਂ ਦੀ ਗਿਣਤੀ ਵਧਣੀ ਵੀ ਇਕ ਹੋਰ ਕਾਰਨ ਮੰਨਿਆ ਜਾ ਰਿਹਾ ਹੈ। ਚੌਗਿਰਦਾ ਵਿਗਿਆਨ ਤੇ ਪ੍ਰਦੂਸ਼ਣ ਖੋਜ ਮੈਗਜ਼ੀਨ ਵੱਲੋਂ ਪ੍ਰਕਾਸ਼ਿਤ ਇਹ ਅਧਿਐਨ ਪੱਛਮੀ ਹਿਮਾਲਿਆ ਦੇ ਦ੍ਰਾਸ ਬੇਸਿਨ ’ਚ 2000 ਤੋਂ 2020 ਤਕ 2 ਦਹਾਕਿਆਂ ’ਚ ਦੇਖੇ ਗਏ 77 ਗਲੇਸ਼ੀਅਰਾਂ ਦੀਆਂ ਉਪਗ੍ਰਹਿ ਇਮੇਜਿਜ਼ ’ਤੇ ਆਧਾਰਤ ਹੈ। ਅਧਿਐਨ ਤੋਂ ਪਤਾ ਲੱਗਦਾ ਹੈ ਕਿ ਗਲੇਸ਼ੀਅਰ ਖੇਤਰ 2000 ’ਚ 176.77 ਵਰਗ ਕਿ. ਮੀ. ਤੋਂ ਘਟ ਕੇ 2020 ’ਚ 171.46 ਵਰਗ ਕਿ. ਮੀ. ਹੋ ਗਿਆ ਹੈ, ਜੋ ਕੁਲ ਗਲੇਸ਼ੀਅਰ ਖੇਤਰ ਦਾ ਲਗਭਗ 3 ਫੀਸਦੀ ਹੈ। ਅਧਿਐਨ ’ਚ ਘਟਦੇ ਹੋਏ ਗਲੇਸ਼ੀਅਰਾਂ ’ਤੇ ਚਿੰਤਾ ਜ਼ਾਹਿਰ ਕੀਤੀ ਗਈ ਹੈ।

ਗਲੇਸ਼ੀਅਰਾਂ ’ਤੇ ਜਮ੍ਹਾ ਹੋ ਰਹੀ ਹੈ ਬਲੈਕ ਕਾਰਬਨ

ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਘੱਟ ਉਚਾਈ ’ਤੇ ਗਲੇਸ਼ੀਅਰਾਂ ’ਚ 4.1 ਫੀਸਦੀ ਦੀ ਕਮੀ ਆਈ ਹੈ, ਜਦੋਂਕਿ ਮੱਧ ਤੇ ਉੱਚ ਉਚਾਈ ’ਤੇ ਗਲੇਸ਼ੀਅਰਾਂ ’ਚ 3.23 ਫੀਸਦੀ ਅਤੇ 1.46 ਫੀਸਦੀ ਦੀ ਕਮੀ ਦੇਖੀ ਗਈ ਹੈ। ਅਧਿਐਨ ’ਚ ਦੇਖਿਆ ਗਿਆ ਕਿ ਭਾਰੀ ਵਾਹਨਾਂ ਦੀ ਤੇਜ਼ ਰਫਤਾਰ ਵਾਲੀ ਆਵਾਜਾਈ ਗਲੇਸ਼ੀਅਰਾਂ ਦੇ ਘਟਣ ਦਾ ਮੁੱਖ ਕਾਰਨ ਹੈ। ਗਲੇਸ਼ੀਅਰਾਂ ’ਤੇ ਬਲੈਕ ਕਾਰਬਨ ਦੀ ਘਣਤਾ 287 ਤੋਂ 3,726 ਨੈਨੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਮਿਲੀ ਹੈ, ਜੋ ਹਿੰਦੂ ਕੁਸ਼ ਹਿਮਾਲਿਆ ’ਚ ਹੋਰ ਘੱਟ ਉਚਾਈ ਵਾਲੀਆਂ ਥਾਵਾਂ ’ਤੇ ਰਿਪੋਰਟ ਕੀਤੀ ਗਈ ਬਲੈਕ ਕਾਰਬਨ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਅਧਿਐਨ ਮੁਤਾਬਕ ਬਲੈਕ ਕਾਰਬਨ ਘਣਤਾ 1984 ’ਚ 338 ਨੈਨੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੋਂ ਵਧ ਕੇ 2020 ’ਚ 634 ਨੈਨੋ ਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋ ਗਈ ਹੈ।

ਅਨੁਮਾਨ ਲਾਇਆ ਜਾ ਰਿਹਾ ਹੈ ਕਿ ਕੌਮੀ ਰਾਜਮਾਰਗ ਦੇ ਨੇੜੇ ਹੋਣ ਕਾਰਨ ਬਲੈਕ ਕਾਰਬਨ ਘਣਤਾ ’ਚ ਵਾਧਾ ਹੋਇਆ ਹੈ। ਗਲੇਸ਼ੀਅਰਾਂ ’ਤੇ ਇਸ ਦਾ ਕਾਫੀ ਅਸਰ ਪਿਆ ਹੈ। ਇਸ ਅਧਿਐਨ ਵਿਚ ਕਲਾਈਮੇਟੋਲਾਜਿਸਟ ਸ਼ਕੀਲ ਅਹਿਮਦ ਰੋਮਸ਼ੂ ਤੇ 5 ਖੋਜ ਵਿਦਵਾਨਾਂ ਖਾਲਿਦ ਉਮਰ ਮੁਰਤਜ਼ਾ, ਵਹੀਦ ਸ਼ਾਹ, ਤੌਸੀਫ ਰਮਜ਼ਾਨ, ਉਮਰ ਅਮੀਨ ਤੇ ਮੁਸਤਫਾ ਹਮੀਦ ਭੱਟ ਨੇ ਹਿੱਸਾ ਲਿਆ।

Rakesh

This news is Content Editor Rakesh