ਲੱਦਾਖ ਹੁਣ ਤੋਂ ਯੂ. ਟੀ., RK ਮਾਥੁਰ ਬਣੇ ਪਹਿਲੇ ਉਪ ਰਾਜਪਾਲ

10/31/2019 8:24:11 AM

ਲੱਦਾਖ— ਦੇਸ਼ ਦਾ ਸਵਰਗ ਕਹੇ ਜਾਣ ਵਾਲੇ ਜੰਮੂ-ਕਸ਼ਮੀਰ ਤੇ ਲੱਦਾਖ ਅੱਜ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਏ ਹਨ। ਭਾਰਤ ਸਰਕਾਰ ਵਲੋਂ 5 ਅਗਸਤ ਨੂੰ ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਅੱਜ 31 ਅਕਤੂਬਰ ਦਾ ਦਿਨ ਇਤਿਹਾਸਕ ਬਣ ਗਿਆ ਹੈ। ਇਸ ਤਹਿਤ ਜੰਮੂ-ਕਸ਼ਮੀਰ 'ਚ ਵਿਧਾਨਸਭਾ ਹੋਵੇਗੀ ਅਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਹੈ।

ਮਾਥੁਰ ਬਣੇ ਲੱਦਾਖ ਦੇ ਪਹਿਲੇ ਉਪ ਰਾਜਪਾਲ
ਅੱਜ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਬਣੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਭਾਵ ਐੱਲ. ਜੀ. (ਲੈਫਟੀਨੈਂਟ ਜਨਰਲ) ਦੇ ਤੌਰ 'ਤੇ ਵੀਰਵਾਰ ਨੂੰ ਆਰ. ਕੇ. ਮਾਥੁਰ ਨੇ ਸਹੁੰ ਚੁੱਕੀ। ਰਾਧਾਕ੍ਰਿਸ਼ਣ ਮਾਥੁਰ ਤ੍ਰਿਪੁਰਾ ਕੈਡਰ ਦੇ ਆਈ. ਏ. ਐੱਸ.ਅਧਿਕਾਰੀ ਹਨ ਅਤੇ ਰੱਖਿਆ ਸਕੱਤਰ ਰਹਿ ਚੁੱਕੇ ਹਨ। ਦੱਸ ਦਈਏ ਕਿ ਆਈ. ਏ. ਐੱਸ. ਅਧਿਕਾਰੀ ਉਮੰਗ ਨਰੂਲਾ ਨੂੰ ਲੱਦਾਖ ਦੇ ਉਪ ਰਾਜਪਾਲ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਹੁਣ ਤੋਂ ਭਾਰਤ ਦੇ ਸੂਬਿਆਂ ਦੀ ਗਿਣਤੀ 29 ਤੋਂ ਘੱਟ ਕੇ 28 ਹੋ ਗਈ ਹੈ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ 7 ਤੋਂ ਵਧ ਕੇ 9 ਹੋ ਗਈ ਹੈ।

ਨਵਾਂ ਕੀ?
ਕਾਨੂੰਨ ਮੁਤਾਬਕ ਜੰਮੂ ਕਸ਼ਮੀਰ 'ਚ ਹੁਣ ਪੁਡੋਚੇਰੀ ਵਾਂਗ ਵਿਧਾਨ ਸਭਾ ਹੋਵੇਗੀ ਜਦਕਿ ਲੱਦਾਖ 'ਚ ਚੰਡੀਗੜ੍ਹ ਵਾਂਗ ਵਿਧਾਨਸਭਾ ਨਹੀਂ ਹੋਵੇਗੀ। ਵੀਰਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਨ ਨਾਲ ਹੀ ਜੰਮੂ-ਕਸ਼ਮੀਰ ਦੀ ਕਾਨੂੰਨ ਵਿਵਸਥਾ ਅਤੇ ਪੁਲਸ 'ਤੇ ਕੇਂਦਰ ਦਾ ਸਿੱਧਾ ਕੰਟਰੋਲ ਹੋਵੇਗਾ ਜਦਕਿ ਜ਼ਮੀਨ ਉੱਥੋਂ ਦੀ ਚੁਣੀ ਗਈ ਸਰਕਾਰ ਅਧੀਨ ਹੋਵੇਗੀ। ਲੱਦਾਖ ਕੇਂਦਰੀ ਸ਼ਾਸਤ ਪ੍ਰਦੇਸ਼ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ 'ਚ ਰਹੇਗਾ।