ਲੱਦਾਖ ''ਚ ਜਾਮਯਾਂਗ ਦਾ ਜ਼ੋਰਦਾਰ ਸਵਾਗਤ, ਤਿਰੰਗਾ ਹੱਥ ''ਚ ਲੈ ਕੇ ਕੀਤਾ ਡਾਂਸ

08/12/2019 2:16:14 PM

ਲੱਦਾਖ— ਲੋਕ ਸਭਾ 'ਚ ਧਾਰਾ-370 'ਤੇ ਜਦੋਂ ਚਰਚਾ ਹੋ ਰਹੀ ਸੀ, ਉਦੋਂ ਇਕ ਸੰਸਦ ਮੈਂਬਰ ਨੇ ਅਜਿਹਾ ਭਾਸ਼ਣ ਦਿੱਤਾ ਕਿ ਉਹ  ਸੋਸ਼ਲ ਮੀਡੀਆ 'ਤੇ ਰਾਤੋ-ਰਾਤ ਛਾ ਗਏ। ਲੱਦਾਖ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਜਾਮਯਾਂਗ ਸ਼ੇਰਿੰਗ ਦੇ ਭਾਸ਼ਣ ਦੀ ਹਰ ਪਾਸੇ ਤਾਰੀਫ਼ ਹੋਈ। ਸੰਸਦ ਦਾ ਸੈਸ਼ਨ ਖਤਮ ਹੋਣ ਤੋਂ ਬਾਅਦ ਉਹ ਆਪਣੇ ਸੰਸਦੀ ਖੇਤਰ 'ਚ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਹੋਇਆ। ਐਤਵਾਰ ਨੂੰ ਜਦੋਂ ਜਾਮਯਾਂਗ ਸਮਰਥਕਾਂ ਨੂੰ ਮਿਲੇ ਤਾਂ ਹੱਥ 'ਚ ਤਿਰੰਗਾ ਲੈ ਕੇ ਨੱਚੇ ਅਤੇ ਲੋਕਾਂ ਨਾਲ ਸੈਲਫੀ ਵੀ ਖਿੱਚਵਾਈ।

 

ਇਕੋਫਰੈਂਡਲੀ ਤਰੀਕੇ ਨਾਲ ਮਨਾਇਆ ਜਸ਼ਨ
ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਫੈਸਲੇ ਦਾ ਸਵਾਗਤ ਕਰਦੇ ਸਮੇਂ ਉਨ੍ਹਾਂ ਨੇ ਸੰਸਦ 'ਚ ਜ਼ੋਰਦਾਰ ਭਾਸ਼ਣ ਦਿੱਤਾ। ਉਨ੍ਹਾਂ ਦੇ ਭਾਸ਼ਣ ਦੀ ਤਾਰੀਫ਼ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕੀਤੀ। ਐਤਵਾਰ ਨੂੰ ਜਾਮਯਾਂਗ ਸ਼ੇਰਿੰਗ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ ਕਿ ਲੋਕ ਜਸ਼ਨ ਮਨਾਉਂਦੇ ਸਮੇਂ ਵੀ ਨਿਯਮਾਂ ਨੂੰ ਨਹੀਂ ਭੁੱਲ ਰਹੇ ਹਨ। ਜਸ਼ਨ 'ਚ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਦੀ ਵਰਤੋਂ ਨਹੀਂ ਕੀਤੀ ਗਈ ਹੈ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਕੋਫਰੈਂਡਲੀ ਤਰੀਕੇ ਨਾਲ ਜਸ਼ਨ ਮਨਾਇਆ ਜਾ ਸਕਦਾ ਹੈ।

ਟਵਿੱਟਰ ਅਕਾਊਂਟ ਹੋਇਆ ਵੈਰੀਫਾਈਡ
ਜ਼ਿਕਰਯੋਗ ਹੈ ਕਿ ਸੰਸਦ 'ਚ ਆਪਣੇ ਭਾਸ਼ਣ ਦੌਰਾਨ ਸ਼ੇਰਿੰਗ ਨੇ ਲੱਦਾਖ ਦੀ ਲੰਬੇ ਸਮੇਂ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਮੰਗ ਨੂੰ ਪੂਰਾ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਨਾਲ ਹੀ ਪਿਛਲੀਆਂ ਸਰਕਾਰਾਂ 'ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੇ ਭਾਸ਼ਣ 'ਚ ਕਾਂਗਰਸ ਸਰਕਾਰ, ਜੰਮੂ-ਕਸ਼ਮੀਰ ਦੀ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਦੇ ਨੇਤਾ ਨਿਸ਼ਾਨੇ 'ਤੇ ਰਹੇ। ਸ਼ੇਰਿੰਗ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਧਾਰਾ 370 ਕਾਰਨ ਲੱਦਾਖ ਦੀ ਪਛਾਣ ਲੁਕੀ ਰਹੀ। ਨਾਲ ਹੀ ਕਸ਼ਮੀਰ ਦੇ ਨੇਤਾ ਭਾਰਤ ਸਰਕਾਰ ਤੋਂ ਪੈਸਾ ਲਿਜਾ ਕੇ ਘਾਟੀ 'ਚ ਰੱਖਦੇ ਸਨ ਅਤੇ ਲੱਦਾਖ ਨੂੰ ਪੂਰੀ ਤਰ੍ਹਾਂ ਪਿਛੜਿਆ ਹੀ ਰੱਖਿਆ ਗਿਆ। ਸੰਸਦ 'ਚ ਦਿੱਤੇ ਗਏ ਭਾਸ਼ਣ ਦੀ ਸੋਸ਼ਲ ਮੀਡੀਆ 'ਚ ਜ਼ਬਰਦਸਤ ਚਰਚਾ ਹੋਈ ਅਤੇ ਦੇਖਦੇ ਹੀ ਦੇਖਦੇ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ। ਪਹਿਲੇ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਵੈਰੀਫਾਈਡ ਨਹੀਂ ਸੀ, ਭਾਸ਼ਣ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਦਾ ਟਵਿੱਟਰ ਅਕਾਊਂਟ ਵੀ ਵੈਰੀਫਾਈਡ ਹੋਇਆ ਅਤੇ ਉਨ੍ਹਾਂ ਦੇ ਫੋਲੋਅਰਜ਼ ਦੀ ਗਿਣਤੀ ਵੀ ਦੇਖਦੇ ਹੀ ਦੇਖਦੇ ਲੱਖਾਂ 'ਚ ਪਹੁੰਚ ਗਈ।

DIsha

This news is Content Editor DIsha