ਪੂਰਬੀ ਲੱਦਾਖ ''ਚ ਪਿੱਛੇ ਹਟਣ ਨੂੰ ਲੈ ਕੇ ਭਾਰਤੀ, ਚੀਨੀ ਕਮਾਂਡਰਾਂ ਦਰਮਿਆਨ ਹੋਵੇਗੀ ਵਾਰਤਾ

08/02/2020 11:23:16 AM

ਨਵੀਂ ਦਿੱਲੀ- ਭਾਰਤ ਅਤੇ ਚੀਨੀ ਫੌਜ ਦੇ ਕਮਾਂਡਰ ਪੂਰਬੀ ਲੱਦਾਖ 'ਚ ਪੇਗੋਂਗ ਸੋ ਵਰਗੇ ਟਕਰਾਅ ਵਾਲੇ ਸਥਾਨਾਂ ਤੋਂ ਪਿੱਛਏ ਹਟਣ ਦੀ ਪ੍ਰਕਿਰਿਆ ਨੂੰ ਅੱਗੇ ਵੱਧਣ ਦੇ ਤੌਰ-ਤਰੀਕਿਆਂ ਨੂੰ ਅੰਤਿਮ ਰੂਪ ਦੇਣ ਲਈ ਅੱਜ ਯਾਨੀ ਐਤਵਾਰ ਨੂੰ ਨਵੇਂ ਸਿਰੇ ਤੋਂ ਗੱਲਬਾਤ ਕਰਨਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਚੀਨ ਵਲੋਂ ਮੋਲਦੋ 'ਚ ਤੈਅ ਬੈਠਕ ਸਥਾਨ 'ਤੇ ਹੋਵੇਗੀ। ਸੂਤਰਾਂ ਨੇ ਦੱਸਿਆ ਕਿ ਕੋਰ ਕਮਾਂਡਰ ਪੱਧਰ ਦੀ 5ਵੇਂ ਪੜਾਅ ਦੀ ਵਾਰਤਾ 'ਚ ਮੁੱਖ ਧਿਆਨ ਟਕਰਾਅ ਵਾਲੇ ਸਥਾਨਾਂ ਤੋਂ ਫੌਜੀਆਂ ਦੇ ਪੂਰੀ ਤਰ੍ਹਾਂ ਨਾਲ ਪਿੱਛੇ ਹਟਣ ਅਤੇ ਦੋਹਾਂ ਫੌਜਾਂ ਦੇ ਪਿੱਛੇ ਦੇ ਅੱਡਿਆਂ ਤੋਂ ਫੋਰਸਾਂ ਅਤੇ ਹਥਿਆਰਾਂ ਨੂੰ ਹਟਾਉਣ ਲਈ ਇਕ ਰੂਪਰੇਖਾ ਤਿਆਰ ਕਰਨ 'ਤੇ ਹੋਵੇਗਾ। ਫੌਜੀਆਂ ਦੇ ਪਿੱਛੇ ਹਟਣ ਦੀ ਪ੍ਰਕਿਰਿਆ 6 ਜੁਲਾਈ ਨੂੰ ਸ਼ੁਰੂ ਹੋਈ ਸੀ, ਜਦੋਂ ਖੇਤਰ 'ਚ ਤਣਾਅ ਘੱਟ ਕਰਨ ਦੇ ਤਰੀਕਿਆਂ 'ਤੇ ਇਕ ਦਿਨ ਪਹਿਲਾਂ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਯੀ ਦਰਮਿਆਨ ਲਗਭਗ 2 ਘੰਟੇ ਗੱਲਬਾਤ ਹੋਈ।

ਚੀਨੀ ਫੌਜ ਗਲਵਾਨ ਘਾਟੀ ਅਤੇ ਟਕਰਾਅ ਵਾਲੇ ਕੁਝ ਹੋਰ ਸਥਾਨਾਂ ਤੋਂ ਪਹਿਲਾਂ ਹੀ ਪਿੱਛੇ ਹਟ ਚੁਕੀ ਹੈ ਪਰ ਭਾਰਤ ਦੀ ਮੰਗ ਅਨੁਸਾਰ ਪੇਗੋਂਗ ਸੋ 'ਚ ਫਿੰਗਰ ਇਲਾਕਿਆਂ ਤੋਂ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਹਾਲੇ ਸ਼ੁਰੂ ਨਹੀਂ ਹੋਈ ਹੈ। ਭਾਰਤ ਇਸ ਗੱਲ 'ਤੇ ਜ਼ੋਰ ਦਿੰਦਾ ਰਿਹਾ ਹੈ ਕਿ ਚੀਨ ਨੂੰ ਫਿੰਗਰ ਫੋਰ ਅਤੇ ਫਿੰਗਰ ਐਟ ਦਰਮਿਆਨ ਵਾਲੇ ਇਲਾਕਿਆਂ ਤੋਂ ਆਪਣੇ ਫੌਜੀਆਂ ਨੂੰ ਵਾਪਸ ਬੁਲਾਉਣਾ ਚਾਹੀਦਾ। ਦੋਹਾਂ ਪੱਖਾਂ ਦਰਮਿਆਨ 24 ਜੁਲਾਈ ਨੂੰ ਸਰਹੱਦ ਮੁੱਦੇ 'ਤੇ ਇਕ ਹੋਰ ਪੜਾਅ ਦੀ ਕੂਟਨੀਤਕ ਵਾਰਤਾ ਹੋਈ ਸੀ। ਵਾਰਤਾ ਤੋਂ ਬਾਅਦ, ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੋਵੇਂ ਪੱਖ ਇਸ ਗੱਲ 'ਤੇ ਸਹਿਮਤ ਹਨ ਕਿ ਦੋ-ਪੱਖੀ ਸੰਬੰਧਾਂ ਦੇ ਵਿਕਾਸ ਲਈ ਦੋ-ਪੱਖੀ ਸਮਝੌਤੇ ਅਤੇ ਪ੍ਰੋਟੋਕਾਲ ਦੇ ਅਧੀਨ ਐੱਲ.ਏ.ਸੀ. ਕੋਲੋਂ ਫੌਜੀਆਂ ਦਾ ਜਲਦ ਅਤੇ ਪੂਰੀ ਤਰ੍ਹਾਂ ਪਿੱਛੇ ਹਟਣਾ ਜ਼ਰੂਰੀ ਹੈ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਚੀਨ ਨੂੰ ਇਕ ਸਖਤ ਸੰਦੇਸ਼ ਦੇ ਦਿੱਤਾ ਹੈ ਕਿ ਉਸ ਨੂੰ ਪਿੱਛੇ ਹਟਣ ਦੀ ਪ੍ਰਕਿਰਿਆ ਨੂੰ ਲਾਗੂ ਕਰਨਾ ਹੀ ਹੋਵੇਗਾ ਜਿਵੇਂ ਕਿ ਦੋਹਾਂ ਦੇਸ਼ਾਂ ਦੀਆਂ ਫੌਜਾਂ ਦਰਮਿਆਨ ਕੋਰ ਕਮਾਂਡਰ ਪੱਧਰ ਦੀ ਚੌਥੇ ਪੜਾਅ ਦੀ ਵਾਰਤਾ 'ਚ ਤੈਅ ਹੋਇਆ ਹੈ।


DIsha

Content Editor

Related News