ਗਲਵਾਨ ਘਾਟੀ ''ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਪਤਨੀ ਬਣੀ ਮਾਲੀਆ ਵਿਭਾਗ ਦੀ ਡਿਪਟੀ ਕਲੈਕਟਰ

08/16/2020 3:01:41 PM

ਨੈਸ਼ਨਲ ਡੈਸਕ- ਲੱਦਾਖ 'ਚ ਗਲਵਾਨ ਘਾਟੀ 'ਚ ਭਾਰਤ-ਚੀਨੀ ਫੌਜੀਆਂ ਦਰਮਿਆਨ ਹੋਈ ਝੜਪ 'ਚ ਸ਼ਹੀਦ ਹੋਏ ਕਰਨਲ ਸੰਤੋਸ਼ ਬਾਬੂ ਦੀ ਪਤਨੀ ਨੇ ਤੇਲੰਗਾਨਾ ਸਰਕਾਰ 'ਚ ਮਾਲੀਆ ਵਿਭਾਗ ਦੀ ਡਿਪਟੀ ਕਲੈਕਟਰ ਵਜੋਂ ਜੁਆਇੰਨ ਕਰ ਲਿਆ ਹੈ। ਸ਼ਹੀਦ ਸੰਤੋਸ਼ ਬਾਬੂ ਦੀ ਪਤਨੀ ਨੇ ਇਸ ਦੀ ਰਿਪੋਰਟ ਤੇਲੰਗਾਨਾ ਸਰਕਾਰ ਨੂੰ ਸੌਂਪ ਦਿੱਤੀ ਹੈ। ਤੇਲੰਗਾਨਾ ਸਰਕਾਰ ਨੇ ਸ਼ਹੀਦ ਕਰਨਲ ਦੀ ਪਤਨੀ ਸੰਤੋਸ਼ੀ ਨੂੰ ਇਸ ਅਹੁਦੇ 'ਤੇ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੇ ਹੈਦਰਾਬਾਦ ਦੇ ਬੀ.ਆਰ.ਕੇ.ਆਰ. ਭਵਨ 'ਚ ਮੁੱਖ ਸਕੱਤਰ ਸੋਮੇਸ਼ ਕੁਮਾਰ ਨੂੰ ਰਿਪੋਰਟ ਸੌਂਪ ਦਿੱਤੀ। ਮੁੱਖ ਮੰਤਰੀ ਨੇ ਆਪਣੇ ਸਕੱਤਰ ਸਮਿਤਾ ਸਭਰਵਾਲ ਨੂੰ ਕਿਹਾ ਸੀ ਕਿ ਉਹ ਸੰਤੋਸ਼ੀ ਦੀ ਮਦਦ ਉਦੋਂ ਤੱਕ ਕਰਨ, ਜਦੋਂ ਤੱਕ ਆਪਣੇ ਕੰਮ ਦੀ ਪੂਰੀ ਜਾਣਕਾਰੀ ਨਹੀਂ ਮਿਲ ਜਾਂਦੀ।

ਦੱਸਣਯੋਗ ਹੈ ਕਿ 15 ਜੂਨ ਨੂੰ ਗਲਵਾਨ ਘਾਟੀ 'ਚ ਹੋਈ ਘਟਨਾ ਤੋਂ ਬਾਅਦ 22 ਜੂਨ ਨੂੰ ਮੁੱਖ ਮੰਤਰੀ ਚੰਦਰਸ਼ੇਖਰ ਰਾਵ ਨੇ ਸ਼ਹੀਦ ਸੰਤੋਸ਼ ਬਾਬੂ ਦੇ ਪਰਿਵਾਰ ਵਾਲਿਆਂ ਨਾਲ ਸੂਰੀਆਪੇਟ ਸ਼ਹਿਰ ਜਾ ਕੇ ਮੁਲਾਕਾਤ ਕੀਤੀ ਸੀ ਅਤੇ ਨਾਲ ਹੀ ਸ਼ਹੀਦ ਦੇ ਪਰਿਵਾਰ ਵਾਲਿਆਂ ਨੂੰ 5 ਕਰੋੜ ਰੁਪਏ ਦੀ ਰਾਸ਼ੀ ਵੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਨੇ ਸ਼ਹੀਦ ਦੀ ਪਤਨੀ ਨੂੰ ਹੈਦਰਾਬਾਦ ਦੇ ਬੰਜਾਰਾ ਹਿਲਸ 'ਚ 711 ਸਕਵਾਇਰ ਗਜ ਜ਼ਮੀਨ ਦੇ ਕਾਗਜ਼ਾਤ ਅਤੇ ਨੌਕਰੀ ਨਾਲ ਸੰਬੰਧਤ ਦਸਤਾਵੇਜ਼ ਸੌਂਪੇ ਸਨ। ਗਲਵਾਨ 'ਚ ਭਾਰਤ-ਚੀਨੀ ਫੌਜੀਆਂ ਦਰਮਿਆਨ ਹੋਈ ਝੜਪ 'ਚ 20 ਜਵਾਨ ਸ਼ਹੀਦ ਹੋ ਗਏ ਸਨ। 39 ਸਾਲਾ ਕਰਨਲ ਸੰਤੋਸ਼ ਬਾਬੂ ਵੀ ਇਨ੍ਹਾਂ 'ਚੋਂ ਇਕ ਸਨ। ਉਹ ਆਪਣੇ ਪਿੱਛੇ ਮਾਤਾ-ਪਿਤਾ, ਪਤਨੀ, 9 ਸਾਲ ਦੀ ਧੀ ਅਤੇ ਚਾਰ ਸਾਲ ਦਾ ਬੇਟਾ ਛੱਡ ਗਏ ਹਨ। ਲੱਦਾਖ 'ਚ ਸਥਿਤੀ ਹੁਣ ਵੀ ਤਣਾਅਪੂਰਨ ਬਣੀ ਹੋਈ ਹੈ।

DIsha

This news is Content Editor DIsha