ਲੱਦਾਖ ਵਿਵਾਦ: ਫੌਜੀ ਵਾਪਸੀ ਤੋਂ ਬਾਅਦ ਭਾਰਤ-ਚੀਨ ਵਿਚਾਲੇ ਇੱਕ ਹੋਰ ਗੱਲਬਾਤ

02/20/2021 11:22:05 PM

ਨਵੀਂ ਦਿੱਲੀ - ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਸੈਨਿਕਾਂ ਅਤੇ ਹਥਿਆਰਾਂ ਨੂੰ ਹਟਾਉਣ ਦਾ ਕੰਮ ਪੂਰਾ ਕਰਣ ਤੋਂ ਬਾਅਦ ਭਾਰਤ ਅਤੇ ਚੀਨ ਇੱਕ ਹੋਰ ਦੌਰ ਦੀ ਉੱਚ ਪੱਧਰੀ ਫੌਜੀ ਗੱਲਬਾਤ ਕਰ ਰਹੇ ਹਨ, ਤਾਂ ਕਿ ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਸ, ਗੋਗਰਾ ਅਤੇ ਦੇਪਸਾਂਗ ਖੇਤਰਾਂ ਤੋਂ ਵੀ ਫੌਜੀਆਂ ਨੂੰ ਹਟਾਉਣ ਦੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਦਸਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਅਸਲ ਕੰਟਰੋਲ ਲਾਈਨ 'ਤੇ ਚੀਨ ਵੱਲੋਂ ਮੋਲਦੋ ਸਰਹੱਦ 'ਤੇ ਕੱਲ ਸਵੇਰੇ 10 ਵਜੇ ਸ਼ੁਰੂ ਹੋਈ। ਪੈਂਗੋਂਗ ਝੀਲ ਖੇਤਰ ਤੋਂ ਫੌਜੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਨਾਂ ਧਿਰਾਂ ਵਿਚਾਲੇ ਸੀਨੀਅਰ ਅਧਿਕਾਰੀ ਪੱਧਰ 'ਤੇ ਇਹ ਪਹਿਲੀ ਗੱਲਬਾਤ ਹੈ। 

ਗਲਵਾਨ ਘਾਟੀ ਝੜਪ ਨੂੰ ਲੈ ਕੇ ਚੀਨ ਨੇ ਜਾਰੀ ਕੀਤਾ ਸੀ ਬਿਆਨ
ਸੂਤਰਾਂ ਨੇ ਕਿਹਾ ਕਿ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਫੌਜੀਆਂ ਦੀ ਵਾਪਸੀ, ਅਸਤਰ-ਸ਼ਸਤਰਾਂ ਅਤੇ ਹੋਰ ਫੌਜੀ ਸਾਜਾਂ-ਸਾਮਾਨ ਅਤੇ ਬੰਕਰਾਂ, ਤੰਬੁਆਂ ਅਤੇ ਅਸਥਾਈ ਨਿਰਮਾਣਾਂ ਨੂੰ ਹਟਾਉਣ ਦਾ ਕੰਮ ਵੀਰਵਾਰ ਨੂੰ ਪੂਰਾ ਹੋ ਗਿਆ ਅਤੇ ਦੋਨਾਂ ਧਿਰਾਂ ਨੇ ਇਸ ਦੀ ਭੌਤਿਕ ਪੜਤਾਲ ਕਰ ਲਈ ਹੈ। ਦੋਨਾਂ ਧਿਰ ਪੈਂਗੋਂਗ ਝੀਲ ਖੇਤਰ ਤੋਂ ਵਾਪਸੀ ਦੀ ਪ੍ਰਕਿਰਿਆ ਦੀ ਪੂਰਾ ਸਮੀਖਿਆ ਵੀ ਕਰਨਗੇ। ਇਸ ਦੌਰਾਨ ਚੀਨ ਨੇ ਪਹਿਲੀ ਵਾਰ ਅਧਿਕਾਰਿਕ ਤੌਰ 'ਤੇ ਇਹ ਕਿਹਾ ਕਿ ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫੌਜੀਆਂ ਨਾਲ ਹੋਈ ਝੜਪ ਵਿੱਚ ਉਸਦੇ ਚਾਰ ਫੌਜੀ ਮਾਰੇ ਗਏ ਸਨ। ਗਲਵਾਨ ਘਾਟੀ ਵਿੱਚ ਹੋਈ ਝੜਪ ਵਿੱਚ ਭਾਰਤ ਦੇ 20 ਫੌਜੀ ਵੀਰਗਤੀ ਨੂੰ ਪ੍ਰਾਪਤ ਹੋਏ ਸਨ। ਅਮਰੀਕਾ ਦੀ ਇੱਕ ਖੁਫੀਆ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਸ ਝੜਪ ਵਿੱਚ ਚੀਨ ਦੇ 35 ਫੌਜੀ ਜ਼ਖਮੀ ਹੋਏ ਸਨ।
 

Inder Prajapati

This news is Content Editor Inder Prajapati