ਕੁਫਰੀ : ਬਰਫ ''ਚ ਫਸੇ 187 ਸੈਲਾਨੀ ਬਚਾਏ

01/19/2020 9:34:49 PM

ਸ਼ਿਮਲਾ, (ਜਸਟਾ)— ਸ਼ਿਮਲਾ ਘੁੰਮਣ ਆਏ ਪੰਜਾਬ, ਹਰਿਆਣਾ ਸਣੇ ਕਈ ਸੂਬਿਆਂ ਦੇ ਸੈਲਾਨੀ ਕੁਫਰੀ ਇਲਾਕੇ 'ਚ ਬਰਫ ਵਿਚਾਲੇ ਫਸ ਗਏ। ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੁਲਸ ਨੂੰ ਰੈਸਕਿਊ ਮੁਹਿੰਮ ਚਲਾਉਣੀ ਪਈ। ਸ਼ਨੀਵਾਰ ਦੇਰ ਸ਼ਾਮ ਤੋਂ ਪੁਲਸ ਨੇ ਰੈਸਕਿਊ ਮੁਹਿੰਮ ਸ਼ੁਰੂ ਕੀਤੀ, ਜੋ ਐਤਵਾਰ ਸਵੇਰੇ 4 ਵਜੇ ਤਕ ਚੱਲੀ। ਪੁਲਸ ਨੇ ਇਸ ਦੌਰਾਨ 187 ਸੈਲਾਨੀਆਂ ਨੂੰ ਬਰਫ 'ਚੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਕੁਫਰੀ ਦੇ ਹੋਟਲਾਂ 'ਚ ਠਹਿਰਾਇਆ। ਕੁਫਰੀ ਇਲਾਕੇ 'ਚ ਬਰਫ ਵਿਚਾਲੇ 37 ਸੈਲਾਨੀਆਂ ਦੀਆਂ ਜੋ ਗੱਡੀਆਂ ਫਸੀਆਂ ਹੋਈਆਂ ਸਨ, ਪੁਲਸ ਨੇ ਐਤਵਾਰ ਨੂੰ ਉਨ੍ਹਾਂ ਨੂੰ ਵੀ ਬਾਹਰ ਕੱਢ ਦਿੱਤਾ ਹੈ। ਕੁਫਰੀ, ਛਰਾਬੜਾ, ਚਾਇਲ ਵਾਲੇ ਸੜਕ ਮਾਰਗ 'ਤੇ ਬਰਫ ਕਾਰਣ ਤਿਲਕਣ ਇੰਨੀ ਵੱਧ ਗਈ ਹੈ ਕਿ ਹਰ ਕਿਤੇ ਗੱਡੀਆਂ ਸਲਿੱਪ ਹੋ ਰਹੀਆਂ ਹਨ। ਮਛੋਬਰਾ ਤੇ ਕੁਫਰੀ 'ਚ 3 ਗੱਡੀਆਂ ਸਲਿੱਪ ਹੋਈਆਂ ਹਨ। ਪੁਲਸ ਦਾ ਕਹਿਣਾ ਹੈ ਕਿ ਇਹ ਗੱਡੀਆਂ ਸੜਕ ਤੋਂ ਉਤਰਨੋਂ ਵਾਲ-ਵਾਲ ਬਚੀਆਂ ਹਨ। ਸੜਕ ਕਿਨਾਰੇ ਜੇਕਰ ਪੈਰਾਪਿਟ ਨਾ ਹੁੰਦੇ ਤਾਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਸੀ।

ਸੈਲਾਨੀਆਂ ਲਈ ਐਡਵਾਈਜ਼ਰੀ
ਪੁਲਸ ਨੇ ਸੈਲਾਨੀਆਂ ਸਣੇ ਹੋਰ ਲੋਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਵਲੋਂ 20 ਤੋਂ 22 ਜਨਵਰੀ ਤਕ ਬਰਫ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਅਜਿਹੇ ਵਿਚ ਲੋਕ ਮੌਸਮ ਦੇ ਹਿਸਾਬ ਨਾਲ ਯਾਤਰਾ ਕਰਨ। ਮੌਸਮ ਦੀ ਜਾਣਕਾਰੀ ਲੋਕ ਮੌਸਮ ਵਿਭਾਗ ਦੀ ਵੈੱਬਸਾਈਟ ਤੋਂ ਲੈ ਸਕਦੇ ਹਨ।
 

KamalJeet Singh

This news is Content Editor KamalJeet Singh