ਹੁਣ ਤੱਕ 50 ਤੋਂ ਵੱਧ ਸਾਧੂ ਕੋਵਿਡ-19 ਤੋਂ ਪੀੜ੍ਹਤ, ਹਰਿਦੁਆਰ ਕੁੰਭ ਦੀ ਸਮਾਪਤੀ ਨੂੰ ਲੈ ਕੇ ਭਿੜੇ ਅਖਾੜੇ

04/17/2021 9:50:12 AM

ਹਰਿਦੁਆਰ- ਕੁੰਭ ਨੂੰ ਸਮੇਂ ਤੋਂ ਪਹਿਲਾਂ ਖਤਮ ਕਰਨ ਦੀ ਗੱਲ ’ਤੇ ਬੈਰਾਗੀ ਅਖਾੜੇ ਵਿਗੜ ਗਏ ਹਨ। ਬੈਰਾਗੀ ਅਖਾੜਿਆ ਨੇ ਕੁੰਭ ਨੂੰ ਸੰਪਨ ਕੀਤੇ ਜਾਣ ਦੇ ਬਿਆਨ ’ਤੇ ਮੁਆਫੀ ਦੀ ਮੰਗ ਕੀਤੀ ਹੈ। ਇੰਝ ਨਾ ਹੋਣ ’ਤੇ ਬੈਰਾਗੀ ਅਖਾੜਿਆਂ ਨੇ ਸਨਿਆਸੀ ਅਖਾੜਿਆਂ ਅਤੇ ਅਖਾੜਾ ਕੌਂਸਲ ਨਾਲੋਂ ਨਾਤਾ ਤੋੜਨ ਦੀ ਧਮਕੀ ਦਿੱਤੀ ਹੈ।

ਇਕ ਦਿਨ ਪਹਿਲਾਂ ਸ਼੍ਰੀ ਨਿਰੰਜਨੀ ਅਖਾੜੇ ਦੇ ਸਕੱਤਰ ਰਵਿੰਦਰ ਪੁਰੀ ਵਲੋਂ 17 ਅਪ੍ਰੈਲ ਨੂੰ ਕੁੰਭ ਨੂੰ ਸੰਪਨ ਕਰਨ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਉਂਝ ਇਹ ਗੱਲ ਕਹੀ ਸੀ ਕਿ ਇਹ ਉਨ੍ਹਾਂ ਦੇ ਅਖਾੜੇ ਦਾ ਨਿੱਜੀ ਫੈਸਲਾ ਹੈ। ਸ਼ੁੱਕਰਵਾਰ ਵੀ ਇਸ ਐਲਾਨ ਦਾ ਨਿਰਮੋਹੀ, ਨਿਰਵਾਨੀ ਅਤੇ ਦਿਗੰਬਰ ਅਖਾੜੇ ਨੇ ਵਿਰੋਧ ਕੀਤਾ। ਬੈਰਾਗੀ ਕੈਂਪ ਸਥਿਤ ਸਰਬ ਭਾਰਤੀ ਸ਼੍ਰੀਪੰਚ ਨਿਰਵਾਨੀ ਅਨੀ ਅਖਾੜੇ ਦੇ ਕੈਂਪ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹੰਤ ਧਰਮਦਾਸ ਨੇ ਕਿਹਾ ਕਿ ਕੁੰਭ ਮੇਲਾ ਖ਼ਤਮ ਹੋਣ ਦਾ ਐਲਾਨ ਕਰਨ ਦਾ ਅਧਿਕਾਰ ਸਿਰਫ ਮੁੱਖ ਮੰਤਰੀ, ਮੇਲਾ ਪ੍ਰਸ਼ਾਸਨ ਅਤੇ ਅਖਾੜਾ ਕੌਂਸਲ ਨੂੰ ਹੈ। ਨਿਰੰਜਨੀ ਅਖਾੜੇ ਦੇ ਸੰਤਾਂ ਨੂੰ ਮੇਲਾ ਖਤਮ ਕਰਨ ਦਾ ਕੋਈ ਅਧਿਕਾਰ ਨਹੀਂ। ਨਿਰੰਜਨੀ ਅਤੇ ਅਨੰਦ ਅਖਾੜੇ ਦੇ ਸੰਤਾਂ ਨੂੰ ਇਸ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਨਿਰੰਜਨੀ ਅਖਾੜੇ ਨੇ ਕੀਤੀ ਕੁੰਭ ਮੇਲੇ ਦੀ ਸਮਾਪਤੀ

ਓਧਰ ਸਰਬ ਭਾਰਤੀ ਸ਼੍ਰੀਪੰਚ ਦਿਗੰਬਰ ਅਨੀ ਅਖਾੜੇ ਦੇ ਮਹੰਤ ਕਿਸ਼ਨਦਾਸ ਨੇ ਕਿਹਾ ਕਿ ਕੁੰਭ ਮੇਲੇ ਦੇ ਸੰਪਨ ਹੋਣ ਦਾ ਐਲਾਨ ਕਰ ਕੇ ਸਨਾਤਨ ਧਰਮ ਦਾ ਅਪਮਾਨ ਕੀਤਾ ਗਿਆ ਹੈ। ਨਿਰੰਜਨੀ ਅਖਾੜੇ ਦੇ ਸੰਤਾਂ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਅਧਿਕਾਰ ਨਾਲ ਉਨ੍ਹਾਂ ਕੁੰਭ ਦੇ ਸੰਪਨ ਹੋਣ ਦਾ ਐਲਾਨ ਕੀਤਾ ਹੈ। ਜੇ ਨਿਰੰਜਨੀ ਅਖਾੜੇ ਦੇ ਸੰਤਾਂ ਨੇ ਕੁੰਭ ਦੇ ਸੰਪਨ ਹੋਣ ਸਬੰਧੀ ਆਪਣੇ ਐਲਾਨ ਲਈ ਮੁਆਫੀ ਨਾ ਮੰਗੀ ਤਾਂ ਵੈਸ਼ਨਵ ਅਖਾੜੇ ਸਬੰਧ ਤੋੜਨ ਲਈ ਮਜ਼ਬੂਰ ਹੋਣਗੇ।

ਸਰਬ ਭਾਰਤੀ ਸ਼੍ਰੀਪੰਚ ਨਿਰਮੋਹੀ ਅਨੀ ਅਖਾੜੇ ਦੇ ਮੁਖੀ ਮਹੰਤ ਰਜਿੰਦਰ ਦਾਸ ਨੇ ਕਿਹਾ ਕਿ ਨਿਰੰਜਨੀ ਅਖਾੜੇ ਵਲੋਂ ਕੁੰਭ ਦੇ ਸੰਪਨ ਹੋਣ ਦਾ ਐਲਾਨ ਕਰਨ ਨਾਲ ਵੈਸ਼ਨਵ ਅਖਾੜਿਆਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਇਸ ਕਾਰਨ ਪੂਰੇ ਦੇਸ਼ ਵਿਚ ਸ਼ਰਧਾਲੂਆਂ ਅੰਦਰ ਭੁਲੇਖੇ ਵਾਲੀ ਸਥਿਤੀ ਪੈਦਾ ਹੋ ਗਈ ਹੈ। ਵੈਸ਼ਨਵ ਅਖਾੜਿਆਂ ਦਾ ਇਕ ਇਸ਼ਨਾਨ ਅਜੇ ਬਾਕੀ ਹੈ ਜੋ 27 ਅਪ੍ਰੈਲ ਨੂੰ ਹੋਣਾ ਹੈ। ਸਰਕਾਰ ਨੇ 30 ਅਪ੍ਰੈਲ ਤੱਕ ਮੇਲੇ ਦੀ ਮਿਆਦ ਦਾ ਐਲਾਨ ਕੀਤਾ ਹੈ। ਸਰਬ ਭਾਰਤੀ ਸ਼੍ਰੀਪੰਚ ਨਿਰਵਾਨੀ ਅਨੀ ਅਖਾੜੇ ਦੇ ਕੌਮੀ ਸਕੱਤਰ ਮਹੰਤ ਗੌਰੀ ਸ਼ੰਕਰ ਦਾਸ ਨੇ ਕਿਹਾ ਕਿ ਜੇ ਨਿਰੰਜਨੀ ਅਖਾੜੇ ਨੇ ਮੁਆਫ਼ੀ ਨਾ ਮੰਗੀ ਤਾਂ ਵੈਸ਼ਨਵ ਅਖਾੜੇ ਸਨਿਆਸੀ ਅਖਾੜਿਆਂ ਨਾਲੋਂ ਸਭ ਸਬੰਧ ਖ਼ਤਮ ਕਰ ਲੈਣਗੇ।

ਇਹ ਵੀ ਪੜ੍ਹੋ : ਕੁੰਭ ਇਸ਼ਨਾਨ ਅਤੇ ਨਾਗਾ ਸਾਧੂਆਂ ’ਤੇ ਪੋਸਟ ਪਾ ਕੇ ਬੁਰੇ ਫਸੇ ਕਰਨ ਵਾਹੀ, ਮਿਲੀ ਜਾਨੋਂ ਮਾਰਨ ਦੀ ਧਮਕੀ

ਨੋਟ : ਕੀ ਖ਼ਤਮ ਹੋਣਾ ਚਾਹੀਦਾ ਕੁੰਭ ਮੇਲਾ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha