ਮੈਂ ਕਦੇ ਨਹੀਂ ਕਿਹਾ ਕਿ ਕਾਂਗਰਸ ਪੈਦਾ ਕਰ ਰਹੀ ਹੈ ਰੁਕਾਵਟਾਂ : ਕੁਮਾਰਸਵਾਮੀ

07/18/2018 11:35:33 AM

ਨਵੀਂ ਦਿੱਲੀ— ਜਨਤਾ ਦਲ (ਐੱਸ) ਦੇ ਇਕ ਪ੍ਰੋਗਰਾਮ ਵਿਚ ਭਾਵੁਕ ਭਾਸ਼ਣ ਦੇਣ ਪਿੱਛੋਂ ਗੱਠਜੋੜ 'ਚ ਸ਼ਾਮਲ ਸਹਿਯੋਗੀ ਪਾਰਟੀ ਕਾਂਗਰਸ ਨਾਲ ਖਿਚਾਅ ਭਰੇ ਰਿਸ਼ਤਿਆਂ ਦਰਮਿਆਨ ਕਰਨਾਟਕ ਦੇ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਮੰਗਲਵਾਰ ਕਿਹਾ ਕਿ ਉਨ੍ਹਾਂ ਬੇਵਸੀ ਕਾਰਨ ਅੱਥਰੂ ਨਹੀਂ ਵਹਾਏ ਸਨ।  ਉਨ੍ਹਾਂ ਕਾਂਗਰਸ ਵਿਰੁੱਧ ਕੁਝ ਵੀ ਨਹੀਂ ਕਿਹਾ ਸੀ। ਕੁਮਾਰਸਵਾਮੀ ਨੇ ਕਿਹਾ ਕਿ ਪਾਰਟੀ ਦੇ ਪ੍ਰੋਗਰਾਮ ਵਿਚ ਭਾਵੁਕ ਹੋਣਾ ਗਲਤ ਨਹੀਂ ਹੈ। ਇਹ ਉਨ੍ਹਾਂ ਦੇ ਪਰਿਵਾਰਕ ਪ੍ਰੋਗਰਾਮ ਵਾਂਗ ਸੀ। 
ਕੁਮਾਰਸਵਾਮੀ ਨੇ ਮੀਡੀਆ 'ਤੇ ਮੁੱਦੇ ਨੂੰ ਉਛਾਲਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮੈਂ ਆਪਣੇ ਭਾਸ਼ਣ ਦੌਰਾਨ ਇਹ ਕਦੇ ਵੀ ਨਹੀਂ ਕਿਹਾ ਕਿ ਕਾਂਗਰਸ ਜਾਂ ਉਸ ਦੇ ਨੇਤਾ ਉਨ੍ਹਾਂ ਲਈ ਕੋਈ ਪ੍ਰੇਸ਼ਾਨੀ ਖੜ੍ਹੀ ਕਰ ਰਹੇ ਹਨ। ਮੈਂ ਇਕ ਭਾਵੁਕ ਕਿਸਮ ਦਾ ਆਦਮੀ ਹਾਂ ਪਰ ਇਹ ਮੇਰੀ ਬੇਵਸੀ ਨਹੀਂ। ਮੈਂ ਕੋਈ ਸਰਕਾਰ ਦੇ ਪ੍ਰੋਗਰਾਮ ਵਿਚ ਅੱਥਰੂ ਨਹੀਂ ਵਹਾਏ ਸਨ।