ਕੁਕੀ ਨੈਸ਼ਨਲ ਫਰੰਟ ਦਾ ਚੀਫ਼ ਕਮਾਂਡਰ ਦਿੱਲੀ ’ਚ ਗ੍ਰਿਫ਼ਤਾਰ

09/21/2021 2:33:00 PM

ਨਵੀਂ ਦਿੱਲੀ- ਅਗਵਾ ਅਤੇ ਜ਼ਬਰਨ ਵਸੂਲੀ ਦੇ ਮਾਮਲਿਆਂ ’ਚ ਲੋੜੀਂਦਾ ਕੁਕੀ ਨੈਸ਼ਨਲ ਫਰੰਟ ਦੇ ਕਮਾਂਡਰ-ਇਨ-ਚੀਫ਼ ਮੰਗਖੋਲਮ ਕਿਪਗੇਨ ਨੂੰ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਕੁਕੀ ਨੈਸ਼ਨਲ ਫਰੰਟ (ਕੇ.ਐੱਨ.ਐੱਫ.) ਪੂਰਬ-ਉੱਤਰ ਦਾ ਅੱਤਵਾਦੀ ਸਮੂਹ ਹੈ। ਪੁਲਸ ਡਿਪਟੀ ਕਮਿਸ਼ਨਰ (ਵਿਸ਼ੇਸ਼ ਸੈੱਲ) ਪ੍ਰਮੋਦ ਸਿੰਘ ਕੁਸ਼ਵਾਹ ਨੇ ਦੱਸਿਆ ਕਿ ਮੰਗਖੋਲਮ ਕਿਪਗੇਨ ਉਰਫ਼ ਡੇਵਿਡ ਕਿਪਗੇਨ (24) ਦਾ ਮਣੀਪੁਰ ’ਚ ਹਥਿਆਰਬੰਦ ਅੱਤਵਾਦੀਆਂ ਦਾ ਵੱਡਾ ਨੈੱਟਵਰਕ ਹੈ ਅਤੇ ਉਹ ਜ਼ਬਰਨ ਵਸੂਲੀ ਲਈ ਪੂਰਬ-ਉੱਤਰ ਦੇ ਰਾਜ ’ਚ ਮੁੱਖ ਪ੍ਰਾਜੈਕਟਾਂ ਅਤੇ ਹੋਰ ਕਾਰੋਬਾਰਾਂ ’ਚ ਸ਼ਾਮਲ ਇਕ ਨਿਰਮਾਣ ਕੰਪਨੀ ਦੇ ਕਰਮੀਆਂ ਨੂੰ ਅਗਵਾ ਕਰਨ ਦੀ ਯੋਜਨਾ ਬਣਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਸ ਨੇ ਐਤਵਾਰ ਨੂੰ ਦਵਾਰਕਾ ਦੇ ਸੈਕਟਰ-7 ’ਚ ਕਿਪਗੇਨ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਡਿਪਟੀ ਕਮਿਸ਼ਨਰ (ਡੀ.ਸੀ.ਪੀ.) ਨੇ ਦੱਸਿਆ ਕਿ ਮਣੀਪੁਰ ਦੇ ਵੱਖ-ਵੱਖ ਥਾਣਿਆਂ ’ਚ ਕਿਪਗੇਨ ਵਿਰੁੱਧ ਅਗਵਾ, ਗੋਲੀਬਾਰੀ, ਰੰਗਦਾਰੀ, ਲੁੱਟ ਸਮੇਤ ਕਈ ਮਾਮਲੇ ਦਰਜ ਹਨ।

ਪੁਲਸ ਅਨੁਸਾਰ 2018 ’ਚ ਦੋਸ਼ੀ ਮਣੀਪੁਰ ’ਚ ਆਪਣੇ ਪਿੰਡ ’ਚ ਕੇ.ਐੱਨ.ਐੱਫ. ਕੈਡਰਾਂ ਦੇ ਸੰਪਰਕ ’ਚ ਆਇਆ ਅਤੇ ਜ਼ਬਰਨ ਵਸੂਲੀ, ਡਕੈਤੀ ਅਤੇ ਹੋਰ ਅਪਰਾਧਕ ਗਤੀਵਿਧੀਆਂ ’ਚ ਸ਼ਾਮਲ ਹੋ ਗਿਆ। ਪੁਲਸ ਨੇ ਦੱਸਿਆ ਕਿ ਜਲਦ ਹੀ ਕਿਪਗੈਨ ਸੁਰੱਖਿਆ ਫ਼ੋਰਸਾਂ ਦੇ ਹਥਿਆਰ ਖੋਹਣ, ਫਿਰੌਤੀ ਲਈ ਅਗਵਾ, ਜ਼ਬਰਨ ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ’ਚ ਸ਼ਮੂਲੀਅਨ ਲਈ ਵਾਂਟੇਡ ਹੋ ਗਿਆ ਅਤੇ ਜੂਨ 2020 ’ਚ ਉਸ ਨੇ ਖ਼ੁਦ ਨੂੰ ਕੇ.ਐੱਨ.ਐੱਫ. ਦਾ ਕਮਾਂਡਰ-ਇਨ-ਚੀਫ਼ ਐਲਾਨ ਕਰ ਦਿੱਤਾ। ਡੀ.ਸੀ.ਪੀ. ਨੇ ਕਿਹਾ ਕਿ ਪਿਛਲੇ ਸਾਲ ਦਸੰਬਰ ’ਚ ਕਿਪਗੇਨ ਨੇ ਆਪਣੇ ਸਹਿਯੋਗੀਆਂ ਨਾਲ ਮਣੀਪੁਰ ’ਚ ਕਾਂਗਵਈ ਪੁਲਸ ਚੌਕੀ ਦੇ 2 ਕਰਮੀਆਂ ਨੂੰ ਅਗਵਾ ਕਰ ਲਿਆ ਸੀ ਅਤੇ ਇਕ ਰਾਈਫ਼ਲ ਵੀ ਲੁੱਟ ਲਈ ਸੀ। ਉਨ੍ਹਾਂ ਦੱਸਿਆ,‘‘ਕਿਪਗੇਨ ਦੇ ਸਾਥੀਆਂ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਲੁੱਟੀ ਗਈ ਰਾਈਫ਼ਲ ਵੀ ਬਰਾਮਦ ਕਰ ਲਈ ਸੀ ਪਰ ਦੋਸ਼ੀ ਫਰਾਰ ਸੀ।’’

DIsha

This news is Content Editor DIsha