ਕੋਝੀਕੋਡ ਜਹਾਜ਼ ਹਾਦਸਾ: ਜ਼ਖਮੀ 92 ਯਾਤਰੀ ਹੋਏ ਸਿਹਤਯਾਬ, ਹਸਪਤਾਲ ਤੋਂ ਮਿਲੀ ਛੁੱਟੀ

08/13/2020 3:34:56 PM

ਨਵੀਂ ਦਿੱਲੀ (ਭਾਸ਼ਾ)— ਏਅਰ ਇੰਡੀਆ ਐਕਸਪ੍ਰੈੱਸ ਨੇ ਵੀਰਵਾਰ ਨੂੰ ਕਿਹਾ ਕਿ ਕੋਝੀਕੋਡ ਜਹਾਜ਼ ਹਾਦਸੇ ਵਿਚ ਜ਼ਖਮੀ ਹੋਏ 92 ਯਾਤਰੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਕੋਝੀਕੋਡ ਹਵਾਈ ਅੱਡੇ 'ਤੇ 7 ਅਗਸਤ ਦੀ ਰਾਤ ਨੂੰ ਭਾਰੀ ਮੀਂਹ ਪੈਣ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦਾ ਇਕ ਜਹਾਜ਼ ਹਵਾਈ ਪੱਟੀ 'ਤੇ ਉਤਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਜਹਾਜ਼ ਹਾਦਸੇ ਵਿਚ 190 ਲੋਕ ਸਵਾਰ ਸਨ, ਜਿਸ 'ਚੋਂ ਚਾਲਕ ਦਲ ਦੇ 6 ਮੈਂਬਰ ਵੀ ਸ਼ਾਮਲ ਸਨ। ਜਹਾਜ਼ 35 ਫੁੱਟ ਡੂੰਘੀ ਖੱਡ 'ਚ ਡਿੱਗ ਕੇ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ ਅਤੇ ਇਸ ਹਾਦਸੇ ਵਿਚ ਦੋ ਪਾਇਲਟਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ।

ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ 149 ਲੋਕਾਂ ਨੂੰ ਹਸਪਤਾਲਾਂ ਚ ਦਾਖ਼ਲ ਕਰਵਾਇਆ ਗਿਆ ਹੈ, 23 ਲੋਕ ਠੀਕ ਹੋ ਚੁੱਕੇ ਹਨ ਅਤੇ 3 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹਵਾਬਾਜ਼ੀ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਹਾਦਸੇ ਵਿਚ ਜ਼ਖਮੀ ਯਾਤਰੀਆਂ ਦਾ ਕੋਝੀਕੋਡ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ। ਏਅਰਲਾਈਨ ਨੇ ਕਿਹਾ ਕਿ ਅਜੇ ਤੱਕ 92 ਯਾਤਰੀਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਏਅਰਲਾਈਨ ਨੇ ਐਤਵਾਰ ਨੂੰ ਕਿਹਾ ਸੀ ਕਿ ਜਹਾਜ਼ ਹਾਦਸੇ ਵਿਚ ਮਾਰੇ ਗਏ 16 ਯਾਤਰੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ ਹੈ।

Tanu

This news is Content Editor Tanu