ਬਹੁ-ਮੰਜ਼ਿਲਾ ਇਮਾਰਤ ਤੋਂ ਡਿੱਗ ਕੇ NEET ਪ੍ਰੀਖਿਆਰਥੀ ਦੀ ਮੌਤ, ਪੁਲਸ ਨੂੰ ਖ਼ੁਦਕੁਸ਼ੀ ਦਾ ਖ਼ਦਸ਼ਾ

05/09/2023 3:17:57 PM

ਕੋਟਾ- ਰਾਜਸਥਾਨ ਦੇ ਕੋਟਾ ਸ਼ਹਿਰ ਦੇ ਵਿਗਿਆਨ ਨਗਰ ਇਲਾਕੇ 'ਚ ਇਕ ਬਹੁ-ਮੰਜ਼ਿਲਾ ਇਮਾਰਤ ਦੀ 10ਵੀਂ ਮੰਜ਼ਿਲ ਤੋਂ ਡਿੱਗ ਕੇ ਨੈਸ਼ਨਲ ਐਲੀਜੀਬਿਲਟੀ ਕਮ ਐਂਟਰੈਂਸ ਟੈਸਟ (NEET) ਦੀ ਤਿਆਰੀ ਕਰ ਰਹੇ ਕਰਨਾਟਕ ਦੇ 22 ਸਾਲਾ ਪ੍ਰੀਖਿਆਰਥੀ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਦੇਰ ਰਾਤ ਮੁਹੰਮਦ ਨਾਸਿਰ ਨਾਮੀ NEET ਪ੍ਰੀਖਿਆਰਥੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੂੰ ਸ਼ੱਕ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ।

ਪੁਲਸ ਨੇ ਦੱਸਿਆ ਕਿ ਨਾਸਿਰ ਐਤਵਾਰ ਨੂੰ ਰਾਜਸਥਾਨ ਦੇ ਜੈਪੁਰ 'ਚ ਇਕ ਪ੍ਰੀਖਿਆ ਕੇਂਦਰ 'ਚ NEET-UG, 2023 ਦੀ ਪ੍ਰੀਖਿਆ ਦੇਣ ਗਿਆ ਸੀ ਅਤੇ ਅਗਲੇ ਹੀ ਦਿਨ ਕੋਟਾ ਵਾਪਸ ਆ ਗਿਆ। ਉਹ ਕੋਟਾ ਦੇ ਇਕ ਕੋਚਿੰਗ ਇੰਸਟੀਚਿਊਟ 'ਚ ਪਿਛਲੇ ਇਕ ਸਾਲ ਤੋਂ NEET ਦੀ ਦਾਖਲਾ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਨਾਸਿਰ ਕਰਨਾਟਕ ਦਾ ਰਹਿਣ ਵਾਲਾ ਸੀ।

ਵਿਗਿਆਨ ਨਗਰ ਥਾਣੇ ਦੇ ਡਿਵੀਜ਼ਨਲ ਇੰਸਪੈਕਟਰ ਦੇਵੇਸ਼ ਭਾਰਦਵਾਜ ਨੇ ਦੱਸਿਆ ਕਿ ਨਾਸਿਰ ਦੀ ਸੋਮਵਾਰ ਰਾਤ ਕਰੀਬ 11 ਵਜੇ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਨਾਸਿਰ ਆਪਣੇ ਕੁਝ ਦੋਸਤਾਂ ਨਾਲ ਬਹੁ-ਮੰਜ਼ਿਲਾ ਇਮਾਰਤ ਦੇ ਫਲੈਟ ਵਿਚ ਰਹਿੰਦਾ ਸੀ। ਘਟਨਾ ਸਮੇਂ ਉਸ ਦੇ ਫਲੈਟ 'ਚ ਕੋਈ ਵੀ ਸਾਥੀ ਮੌਜੂਦ ਨਹੀਂ ਸੀ। ਭਾਰਦਵਾਜ ਨੇ ਦੱਸਿਆ ਕਿ ਪ੍ਰੀਖਿਆਰਥੀ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰੱਖਿਆ ਗਿਆ ਹੈ ਅਤੇ ਪੋਸਟਮਾਰਟਮ ਉਸ ਦੇ ਮਾਪਿਆਂ ਦੇ ਬੈਂਗਲੁਰੂ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ।

Tanu

This news is Content Editor Tanu